ਬਠਿੰਡਾ, 9 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਦੇ ਪੰਜ ਮੈਂਬਰੀ ਵਫ਼ਦ ਵਲੋਂ ਅੱਜ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਦਿੱਤਾ ਅਤੇ ਮੰਗ ਕੀਤੀ ਕਿ ਸ਼ਹਿਰ ਦੇ ਵਧੇ ਵਸੋਂ ਵਾਲੇ ਏਰੀਏ ਦੀਆਂ ਵਿਧਾਨ ਸਭਾ ਲਿਸਟਾਂ ਵਿਚ ਬਣੀਆਂ ਵੋਟਾਂ ਨਿਗਮ ਲਿਸਟਾਂ ਵਿਚ ਸ਼ਾਮਿਲ ਕੀਤੀਆਂ ਜਾਣ, ਐੱਸਸੀ, ਬੀਸੀ, ਓਬੀਸੀ ਅਤੇ ਹੋਰ ਜਾਤੀ ਅਧਾਰਤ ਜਨ ਗਣਨਾ ਦੇ ਬਣੇ ਬਲਾਕ ਬਰਕਰਾਰ ਰਹਿਣ, ਬਲਾਕ ਤੋੜਨ ਦੀ ਸਾਜਿਸ਼ ਨਾ ਰਚੀ ਜਾਵੇ, ਸਾਰੀਆਂ ਨਵੀਆਂ ਲਿਸਟਾਂ 'ਚੋਂ ਜਿਲ੍ਹਾ ਚੋਣ ਅਧਿਕਾਰੀ ਅਧੀਨ ਬਣੀਆਂ ਹਨ, ਉਹ ਕਾਂਗਰਸ ਪਾਰਟੀ ਨੂੰ ਮੁਹੱਈਆ ਕਰਵਾਈਆਂ ਜਾਣ¢ ਇਸ ਮੌਕੇ ਰਾਜਨ ਗਰਗ ਨੇ ਕਿਹਾ ਕਿ ਨਿਗਮ ਦੇ 50 ਵਾਰਡਾਂ ਤੋਂ ਗਿਣਤੀ ਵਧਣੀ ਲਗਭਗ ਤੈਅ ਹੈ ਕਿਉਂਕਿ ਜਾਰੀ ਨਿਯਮਾਂ ਦੀ ਜਨ ਗਣਨਾ ਤਹਿਤ ਵਸੋਂ ਵਧੀ ਹੋਣ ਕਰਕੇ ਵਾਰਡ ਵੀ ਵੱਧ ਸਕਦੇ ਹਨ ਪਰ ਉਹ ਮੰਗ ਕਰਦੇ ਹਨ ਕਿ ਜਿਹੜੀ ਵਾਰਡਬੰਦੀ ਅਧਾਰਤ ਨਵੀਆਂ ਲਿਸਟਾਂ ਬਣੀਆਂ ਹਨ, ਉਨ੍ਹਾਂ ਨੂੰ ਜਾਰੀ ਕੀਤਾ ਜਾਵੇ ਕਿਉਂਕਿ ਜਿਲ੍ਹਾ ਚੋਣ ਅਧਿਕਾਰੀ ਦੀਆਂ ਲਿਸਟਾਂ ਦਾ ਮੁੱਖ ਚੋਣ ਕਮਿਸ਼ਨ ਤਹਿਤ ਲਿਸਟਾਂ ਨਾਲ ਮੇਲ ਖਾਣਾ ਨਜ਼ਰ ਨਹੀਂ ਆਉਂਦਾ ਕਿਉਂਕਿ ਇਸ ਵਿਚ ਵੱਡੀ ਘਪਲੇਬਾਜੀ ਦੀ ਵੀ ਸ਼ੰਕਾ ਹੁੰਦੀ ਹੈ, ਜਿਸ ਕਰਕੇ ਉਹ ਮੰਗ ਕਰਦੇ ਹਨ ਕਿ ਯੂਆਈਡੀ ਨੰਬਰ ਤਹਿਤ ਬਣੀਆਂ ਵੋਟਾਂ ਅਤੇ ਨੰਬਰਾਂ ਤੋਂ ਬਿਨਾਂ ਰਿਹਾਇਸ਼ੀ ਇਲਾਕੇ ਦੀਆਂ ਬਣੀਆਂ ਵੋਟਾਂ ਵੀ ਨਿਗਮ ਵਿਚ ਸ਼ਾਮਿਲ ਕੀਤੀਆਂ ਜਾਣ ਅਤੇ ਉਨ੍ਹਾਂ ਨੂੰ ਵਾਰਡਬੰਦੀ ਸਬੰਧੀ ਇਕਜੁੱਟ ਨਕਸ਼ਾ ਮੁਹੱਈਆ ਕਰਵਾਇਆ ਜਾਵੇ, ਨਹੀਂ ਤਾਂ ਉਹ ਤਿੱਖੇ ਸੰਘਰਸ਼ ਲਈ ਮਜ਼ਬੂਰ ਹੋਣਗੇ | ਉਨ੍ਹਾਂ ਸ਼ਹਿਰ ਤੇ ਘਰਾਂ ਵਿਚੋਂ ਕੂੜਾ ਨਾ ਚੱੁਕਣ ਦਾ ਵੀ ਮੁੱਦਾ ਉਠਾਇਆ ਤੇ ਨਿਗਮ ਕਮਿਸ਼ਨਰ ਤੋਂ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ¢ ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਕਾਰਜਕਾਰੀ ਮੇਅਰ ਅਸ਼ੋਕ ਕੁਮਾਰ, ਬਲਜਿੰਦਰ ਸਿੰਘ ਠੇਕੇਦਾਰ ਸੀਨੀਅਰ ਮੀਤ ਪ੍ਰਧਾਨ, ਰੁਪਿੰਦਰ ਬਿੰਦਰਾ ਜਿਲ੍ਹਾ ਮੀਤ ਪ੍ਰਧਾਨ, ਮਾਧਵ ਸ਼ਰਮਾ ਅਤੇ ਹਰਵਿੰਦਰ ਸਿੰਘ ਲੱਡੂ (ਬਲਾਕ ਪ੍ਰਧਾਨ) ਅਤੇ ਹੋਰ ਆਗੂ ਮੌਜੂਦ ਸਨ¢