ਮੰਡੀ ਰੋੜਾਂਵਾਲੀ, 4 ਦਸੰਬਰ (ਮਨਜੀਤ ਸਿੰਘ ਬਰਾੜ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ ਸ਼੍ਰੀ ਗੰਗਾਨਗਰ ਜ਼ੋਨ ਵਲੋਂ ਅੰਤਰ ਸਕੂਲ ਯੁਵਕ ਮੇਲਾ ਅਰਨੀਵਾਲਾ ਖੇਤਰ ਦੇ ਪਿੰਡ ਘਟਿਆਂ ਵਾਲਾ ਜੱਟਾਂ ਦੇ ਗੁਰੂ ਘਰ ਵਿਖੇ ਕਰਵਾਇਆ ਗਿਆ | ਅੰਤਰ ਸਕੂਲ ਯੁਵਕ ਮੇਲੇ ਵਿਚ ਖੇਤਰ ਦੇ 18 ਵੱਖ-ਵੱਖ ਸਕੂਲਾਂ ਦੇ ਤਿੰਨ ਸੌ ਤੋਂ ਵੱਧ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ | ਪ੍ਰੋਫੈਸਰ ਮਨਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੇਲੇ ਵਿਚ ਬੱਚਿਆ 'ਚ ਦਸਤਾਰ ਮੁਕਾਬਲੇ, ਸੁੰਦਰ ਲਿਖਾਈ ਮੁਕਾਬਲੇ, ਪੋਸਟਰ ਮੇਕਿੰਗ ਮੁਕਾਬਲੇ, ਕਵਿਤਾ ਉਚਾਰਨ ਮੁਕਾਬਲੇ, ਕੁਇਜ਼ ਮੁਕਾਬਲੇ, ਦੁਮਾਲਾ ਸਜਾੳਾੂ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਗਈਆਂ | ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਟੀਮ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਰਨੀਵਾਲਾ ਖੇਤਰ ਦੇ ਜ਼ੋਨਲ ਸਕੱਤਰ ਮਨਮੋਹਨ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਜੀ ਆਇਆਂ ਆਖਿਆ ਗਿਆ | ਇਸ ਮੇਲੇ ਨੂੰ ਸਫਲ ਬਣਾਉਣ ਲਈ ਜ਼ੋਨਲ ਪ੍ਰਧਾਨ ਬਲਵੰਤ ਸਿੰਘ, ਐੱਸ. ਜੀ. ਪੀ. ਸੀ ਪ੍ਰਚਾਰਕ ਪੈਰਿਸ ਸਿੰਘ, ਕੁੰਡਲ ਖੇਤਰ ਦੇ ਸਕੱਤਰ ਕੰਵਲਜੀਤ ਸਿੰਘ ਅਤੇ ਪ੍ਰਧਾਨ ਹਰਪ੍ਰੀਤ ਸਿੰਘ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਇਸ ਮੌਕੇ ਪੁੱਜੀ ਸੰਗਤ ਲਈ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਗੁਰੂ ਕਾ ਅਤੁੱਟ ਦਾਲ ਫੁਲਕੇ ਅਤੇ ਚਾਹ ਦਾ ਲੰਗਰ ਵੀ ਚਲਾਇਆ ਗਿਆ |