ਫ਼ਿਰੋਜ਼ਪੁਰ, 21 ਅਕਤੂਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਕੈਂਟ ਵਿਖੇ ਵੱਖ-ਵੱਖ ਥਾਵਾਂ 'ਤੇ ਪਟਾਕੇ ਰੱਖ ਕੇ ਵੇਚਣ ਵਾਲੇ 4 ਵਿਅਕਤੀਆਂ ਖ਼ਿਲਾਫ਼ 223 ਬੀ.ਐੱਨ.ਐੱਸ ਤਹਿਤ ਮਾਮਲਾ ਦਰਜ ਕੀਤਾ ਹੈ | ਥਾਣਾ ਕੈਂਟ ਫ਼ਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਲਾਈਟਾਂ ਵਾਲਾ ਚੌਂਕ ਫ਼ਿਰੋਜ਼ਪੁਰ ਕੈਂਟ ਮੌਜੂਦ ਸੀ ਤਾਂ ਇਸ ਦੌਰਾਨ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਸੁਰਿੰਦਰ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਬਾਜ਼ਾਰ ਨੰਬਰ 2 ਫ਼ਿਰੋਜ਼ਪੁਰ ਕੈਂਟ ਕਾਂਜੀ ਹਾਊਸ ਬਾਜ਼ਾਰ ਵਿਚ ਸੰਘਣੀ ਆਬਾਦੀ ਵਿਚ ਫੱਟੇ ਲਗਾ ਕੇ ਪਟਾਕੇ ਵੇਚਣ ਲਈ ਅੱਡਾ ਲਗਾਇਆ ਹੋਇਆ ਹੈ | ਉਸ ਪਾਸ ਪਟਾਕੇ ਦਾ ਕੋਈ ਲਾਇਸੰਸ ਨਹੀਂ ਹੈ | ਜੇਕਰ ਉਸ 'ਤੇ ਛਾਪੇਮਾਰੀ ਕੀਤੀ ਜਾਵੇ ਤਾਂ ਉਹ ਸਮੇਤ ਪਟਾਕਿਆਂ ਦੇ ਕਾਬੂ ਆ ਸਕਦਾ ਹੈ | ਪੁਲਿਸ ਨੇ ਦੱਸਿਆ ਕਿ ਉਕਤ ਜਗ੍ਹਾ 'ਤੇ ਛਾਪੇਮਾਰੀ ਕਰ ਵੱਖ-ਵੱਖ ਮਾਰ੍ਹਕਿਆਂ ਦੇ ਪਟਾਕੇ ਬਰਾਮਦ ਹੋਏ | ਦੂਜੇ ਮਾਮਲੇ 'ਚ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਯਤੀਮਖ਼ਾਨਾ ਚੌਂਕ ਫ਼ਿਰੋਜ਼ਪੁਰ ਕੈਂਟ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਦਵਿੰਦਰ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਮਕਾਨ ਨੰਬਰ 27 ਗਲੀ ਨੰਬਰ 16, ਬਸਤੀ ਟੈਂਕਾਂ ਵਾਲੀ ਫ਼ਿਰੋਜ਼ਪੁਰ ਕੈਂਟ ਬਾਜ਼ਾਰ ਨੂੰ ਨਜਾਇਜ਼ ਤੌਕ 'ਤੇ ਪਟਾਕੇ ਵੇਚਦੇ ਕਾਬੂ ਕੀਤਾ ਗਿਆ | ਤੀਜੇ ਮਾਮਲੇ 'ਚ ਸਹਾਇਕ ਥਾਣੇਦਾਰ ਸਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਟੀ ਪੁਆਇੰਟ ਜੈ ਮਾਂ ਨਗਰ ਫ਼ਿਰੋਜ਼ਪੁਰ ਕੈਂਟ ਮੌਜੂਦ ਸੀ ਤਾਂ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਸੰਦੀਪ ਪੁੱਤਰ ਸੁਖਦਿਆਲ ਵਾਸੀ ਮਕਾਨ ਨੰਬਰ 8 ਗਲੀ ਨੰਬਰ 22 ਬਸਤੀ ਟੈਂਕਾਂ ਵਾਲੀ ਫ਼ਿਰੋਜ਼ਪੁਰ ਕੈਂਟ ਬਸਤੀ ਟੈਂਕਾਂ ਵਾਲੀ ਬਾਜ਼ਾਰ ਵਿਚ ਪਟਾਕੇ ਵੇਚ ਰਿਹਾ ਹੈ ਅਤੇ ਜਿਸ ਦੇ ਆਸ ਪਾਸ ਸੰਘਣੀ ਆਬਾਦੀ ਹੈ | ਜਿਸ ਪਾਸ ਕੋਈ ਲਾਇਸੰਸ ਨਹੀਂ ਹੈ | ਜਿਸ ਤੇ ਪੁਲਿਸ ਨੇ ਕਾਰਵਾਈ ਕਰ ਮਾਮਲਾ ਦਰਜ ਕੀਤਾ ਹੈ | ਥਾਣਾ ਕੈਂਟ ਫ਼ਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਜਸਬੀਰ ਸਿੰਘ ਨੇ ਦੱਸਿਆ ਕਿ ਸੋਨੂੰ ਪੁੱਤਰ ਬਾਠਾ ਵਾਸੀ ਇੰਦਰਾ ਕਾਲੋਨੀ ਨੇੜੇ ਚੇਤਨ ਹਾਲ ਫਿਰੋਜ਼ਪੁਰ ਕੈਂਟ ਕੋਲੋਂ ਪਟਾਕੇ ਬਰਾਮਦ ਕੀਤੇ ਹਨ | ਪੁਲਿਸ ਨੇ ਦੱਸਿਆ ਕਿ ਉਕਤ ਖ਼ਿਲਾਫ਼ ਮਾਮਲੇ ਦਰਜ ਕਰ ਲਏ ਗਏ ਹਨ |