12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਆੜ੍ਹਤੀਆਂ ਨੇ ਐਨ.ਸੀ.ਆਈ. ਦਫ਼ਤਰ ਦੇ ਮੇਨ ਗੇਟ 'ਤੇ ਲਗਾਇਆ ਧਰਨਾ

ਅਜੀਤ ਡੈਸਕ 01-06-2025
ਤਲਵੰਡੀ ਭਾਈ, 31 ਮਈ (ਰਵਿੰਦਰ ਸਿੰਘ ਬਜਾਜ)-ਅੱਜ ਇੱਥੇ ਮੇਨ ਰੋਡ 'ਤੇ ਸਥਿਤ ਐਨ.ਸੀ.ਆਈ ਦੇ ਦਫ਼ਤਰ ਦੇ ਗੇਟ 'ਤੇ ਬਾਹਰ ਤਲਵੰਡੀ ਭਾਈ ਦੇ ਸਮੂਹ ਆੜ੍ਹਤੀਆਂ ਨੇ ਸਿਖਰ ਦੁਪਹਿਰੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੰਟ ਸਿੰਘ ਕਾਲੀਏਵਾਲਾ ਦੀ ਪ੍ਰਧਾਨਗੀ ਹੇਠ ਧਰਨਾ ਲਗਾਇਆ ਗਿਆ | ਇਸ ਮੌਕੇ ਸਮੂਹ ਆੜ੍ਹਤੀਆਂ ਨੇ ਮਹਿਕਮਾ ਐਨ.ਸੀ.ਆਈ ਵਿਰੁੱਧ ਨਾਅਰੇਬਾਜ਼ੀ ਕੀਤੀ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਗੁਰਜੰਟ ਸਿੰਘ ਕਾਲੀਏ ਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ 1 ਅਪੈ੍ਰਲ ਤੋਂ ਖ਼ਰੀਦ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਅੱਜ 31 ਮਈ ਹੋ ਗਈ ਹੈ ਅਤੇ ਅੱਧ ਤੋਂ ਵੀ ਵੱਧ ਮਾਲ ਮੰਡੀਆਂ ਦੇ ਵਿਚ ਪਿਆ ਹੈ, ਜਿਸ ਨੂੰ ਅਜੇ ਤੱਕ ਚੁਕਵਾਇਆ ਨਹੀਂ ਗਿਆ | ਇਸ ਦੌਰਾਨ 3-4 ਬਾਰਸ਼ਾਂ ਵੀ ਪੈ ਚੁੱਕੀਆਂ ਹਨ ਅਤੇ ਹਨੇਰ ਵੀ ਝੁੱਲ ਚੁੱਕੇ ਹਨ ਅਤੇ ਆੜ੍ਹਤੀਆਂ ਵਲੋਂ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਸਾਰਾ ਮਾਲ ਚੁੱਕਿਆ ਨਹੀਂ ਗਿਆ | ਇੱਥੇ ਜੋ ਚੁੱਕਿਆ ਗਿਆ ਹੈ, ਉਹ ਵੀ ਆੜ੍ਹਤੀਆਂ ਨੇ ਆਪਣੇ ਪੱਲਿਓਾ ਪੈਸਾ ਖ਼ਰਚ ਕੇ ਗੁਦਾਮਾਂ ਵਿਚ ਭੇਜਿਆ, ਜਦਕਿ ਟਰਾਂਸਪੋਰਟ ਦੇ ਠੇਕੇਦਾਰ ਵਲੋਂ ਕੋਈ ਖ਼ਾਸ ਚੁਕਾਈ ਨਹੀਂ ਕੀਤੀ ਗਈ ਅਤੇ ਹੁਣ ਇਸ ਮਾਲ ਨੂੰ ਚੁੱਕਣ ਲਈ ਮਹਿਕਮਾ ਐਨ.ਸੀ.ਆਈ ਦੇ ਅਧਿਕਾਰੀਆਂ ਵਲੋਂ 5 ਹਜ਼ਾਰ ਪ੍ਰਤੀ ਗੱਡੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ, ਜਦਕਿ ਆੜ੍ਹਤੀਏ ਮੰਡੀ ਵਿਚ ਅਜੇ ਤੱਕ ਵੀ ਰੁਲ ਰਹੇ ਹਨ | ਇਸ ਸਬੰਧੀ ਜਦੋਂ ਐਨ.ਸੀ.ਆਈ ਤਲਵੰਡੀ ਭਾਈ ਦੇ ਮੈਨੇਜਰ ਭਾਗੀਰਥ ਮੀਨਾ ਅਤੇ ਸ਼ੌਕਤ ਅਲੀ ਮੈਨੇਜਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨਾ ਤਾਂ ਅਸੀਂ ਕੋਈ ਰਿਸ਼ਵਤ ਮੰਗੀ ਹੈ ਤੇ ਨਾ ਹੀ ਆੜ੍ਹਤੀਏ ਨਾਲ ਸਾਡਾ ਕੋਈ ਸਿੱਧਾ ਸੰਪਰਕ ਬਣਦਾ ਹੈ, ਇਹ ਜ਼ਿੰਮੇਵਾਰੀ ਵੱਖ-ਵੱਖ ਖ਼ਰੀਦ ਏਜੰਸੀਆਂ ਜਿਵੇਂ ਪਨਗ੍ਰੇਨ, ਪਨਸਪ ਅਤੇ ਮਾਰਕਫੈੱਡ ਦੀ ਹੈ, ਸਾਡੇ ਵਿਭਾਗ ਦੇ ਗੇਟ ਅੱਗੇ ਤਾਂ ਇਹ ਧਰਨਾ ਨਾਜਾਇਜ਼ ਲਗਾਇਆ ਹੋਇਆ ਹੈ | ਓਧਰ ਇਸ ਸਬੰਧੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੰਟ ਸਿੰਘ ਕਾਲੀਏ ਵਾਲਾ ਨੇ ਸਖ਼ਤ ਸ਼ਬਦਾਂ ਵਿਚ ਅਧਿਕਾਰੀਆਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਆੜ੍ਹਤੀਆਂ ਦੀ ਸਮੱਸਿਆ ਨੂੰ ਹੱਲ ਨਾ ਕੀਤਾ ਗਿਆ ਤਾਂ ਪੰਜਾਬ ਸਰਕਾਰ ਅਤੇ ਵੱਖ-ਵੱਖ ਖ਼ਰੀਦ ਏਜੰਸੀਆਂ ਵਿਰੁੱਧ ਹੋਰ ਵੱਡੇ ਸੰਘਰਸ਼ ਕੀਤੇ ਜਾਣ ਲਈ ਮਜਬੂਰ ਹੋਣਾ ਪਵੇਗਾ | ਇਸ ਮੌਕੇ ਗੁਰਜੰਟ ਸਿੰਘ ਢਿੱਲੋਂ, ਰੂਪ ਲਾਲ ਵੱਤਾ, ਜਗਜੀਤ ਸਿੰਘ ਸਮਰਾ, ਨਰੇਸ਼ ਤਾਇਨ, ਜਗਮੋਹਨ ਘੁੰਮਾਨ, ਬਲਵਿੰਦਰ ਢੱਲ, ਮਦਨ ਲਾਲ ਝਾਂਜੀ, ਵਿਜੇ ਸ਼ੁਕਲਾ, ਸਾਹਿਲ ਅਰੋੜਾ, ਦਰਸ਼ਨ ਖੋਸਾ, ਰਾਜਿੰਦਰ ਪਾਲ, ਸਤਪਾਲ ਅਰੋੜਾ, ਸ਼ੀਰਾਜ ਗੁਲਾਟੀ, ਓਮ ਪ੍ਰਕਾਸ਼ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨੰਨ੍ਹੇ-ਮੁੰਨੇ ਬੱਚਿਆਂ ਦੀ ਸਿਹਤ ਜਾਂਚ ਲਈ ਬੰਗੜ ਸੁਪਰ ਸਪੈਸ਼ਲਿਟੀ ਹਸਪਤਾਲ 'ਚ ਲੱਗਿਆ ਵਿਸ਼ੇਸ਼ ਕੈਂਪ ਅਗਲੀ ਖ਼ਬਰ ਸਥਾਨਕ ਉਦਯੋਗਪਤੀਆਂ ਤੇ ਇੰਡੀਅਨ ਬੈਂਕ ਅਧਿਕਾਰੀਆਂ ਵਿਚਾਲੇ ਹੋਈ ਉਦਯੋਗਿਕ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।