ਸੰਗਰੂਰ, 22 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੇ ਨੂਰਪੁਰਾ ਮੁਹੱਲੇ ਵਿਚ ਹੋਈ 1 ਲੱਖ 56 ਹਾਜ਼ਰ ਦੀ ਚੋਰੀ ਦੇ ਸਬੰਧ ਵਿਚ ਤਿੰਨ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ ਵਿਚ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ | ਐਸ.ਐੱਚ.ਓ. ਸਿਟੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਚੋਰੀ ਦੇ ਇਸ ਮਾਮਲੇ ਵਿਚ ਨਾਮਜ਼ਦ ਦੋ ਵਿਅਕਤੀ ਅਮਨਪ੍ਰੀਤ ਸਿੰਘ ਅਮਨ ਵਾਸੀ ਪ੍ਰਤਾਪ ਨਗਰ ਸੰਗਰੂਰ ਅਤੇ ਅਰਮਾਨ ਬੇਦੀ ਬੀੜੀ ਵਾਸੀ ਡਾ. ਅੰਬੇਡਕਰ ਨਗਰ ਸੰਗਰੂਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਜਦ ਕਿ ਰਾਜੂ ਕੁਮਾਰ ਵਾਸੀ ਨੂਰਪੁਰਾ ਮੁਹੱਲਾ ਫ਼ਿਲਹਾਲ ਫ਼ਰਾਰ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮੁਕੱਦਮਾ ਪਾਰਸ ਵਾਸੀ ਨੂਰਪੁਰਾ ਮੁਹੱਲਾ ਵਾਰਡ ਨੰ. 17 (25 ਸਾਲ) ਦੇ ਬਿਆਨਾ ਉੱਤੇ ਦਰਜ ਕੀਤਾ ਗਿਆ ਹੈ | ਪਾਰਸ ਅਨੁਸਾਰ ਉਹ 17 ਅਕਤੂਬਰ ਦੀ ਰਾਤ ਕਰੀਬ 9.30 ਵਜੇ ਘਰ ਨੂੰ ਤਾਲਾ ਲਗਾ ਕੇ ਆਪਣੀ ਦੀਦੀ ਰਿਤੂ ਕੰਡ (ਕੌਂਸਲਰ) ਦੇ ਘਰ ਦੀਵਾਲੀ ਦੇਣ ਗਏ ਸੀ ਜਦੋਂ ਪਾਰਸ ਆਪਣੀ ਮਾਤਾ ਸਮੇਤ 11.20 ਰਾਤ ਨੂੰ ਰਿਤੂ ਕੰਡਾ ਦੇ ਘਰੋਂ ਰੋਟੀ ਖਾ ਕੇ ਵਾਪਸ ਪਰਤੇ ਤਾਂ ਦੇਖਿਆ ਕਿ ਰਸੋਈ ਦੇ ਰੌਸ਼ਨਦਾਨ ਦੀ ਜਾਲੀ ਟੁੱਟੀ ਹੋਈ ਸੀ ਅਤੇ ਜਦ ਕਮਰੇ ਵਿਚ ਜਾ ਕੇ ਦੇਖਿਆ ਤਾਂ ਸਮਾਨ ਖਿੱਲਰਿਆ ਪਿਆ ਸੀ | ਅਲਮਾਰੀ ਖੁੱਲ੍ਹੀ ਪਈ ਸੀ, ਜਦ ਅਲਮਾਰੀ ਚੈੱਕ ਕੀਤੀ ਤਾਂ ਤਨਖ਼ਾਹ ਸਮੇਤ ਸੇਵਿੰਗ ਦੇ 1 ਲੱਖ 56 ਹਾਜ਼ਰ ਰੁਪਏ ਨਹੀਂ ਸਨ | ਪਾਰਸ ਨੇ ਆਪਣੇ ਤੌਰ ਉੱਤੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਅਮਨਪ੍ਰੀਤ ਸਿੰਘ ਉਰਫ਼ ਅਮਨ ਵਾਸੀ ਗੁਰਨੇਕਲਾਂ ਜ਼ਿਲ੍ਹਾ ਮਾਨਸਾ ਹਾਲ ਆਬਾਦ ਨਿਊ ਪ੍ਰਤਾਪ ਨਗਰ (ਸਾਬਕਾ ਕੌਂਸਲਰ ਮਿਲ਼ਖੀ ਦੇ ਘਰ) ਕਿਰਾਏ ਉੱਤੇ ਰਹਿ ਰਿਹਾ ਹੈ, ਦੂਜਾ ਵਿਅਕਤੀ ਅਰਮਾਨ ਬੇਦੀ ਉਰਫ਼ ਬੀੜੀ ਡਾ. ਅੰਬੇਡਕਰ ਨਗਰ ਸੰਗਰੂਰ ਅਤੇ ਰਾਜੂ ਕੁਮਾਰ ਵਾਸੀ ਨੂਰਪੁਰਾ ਮੁਹੱਲਾ ਨੇ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਕੇ ਚੋਰੀ ਕੀਤੀ ਹੈ | ਪੁਲਿਸ ਨੇ ਕਾਰਵਾਈ ਕਰਦਿਆਂ ਅਮਨਪ੍ਰੀਤ ਸਿੰਘ ਅਮਨ ਅਤੇ ਅਰਮਾਨ ਬੇਦੀ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦ ਕਿ ਰਾਜੂ ਕੁਮਾਰ ਅਜੇ ਪੁਲਿਸ ਦੀ ਗਿ੍ਫ਼ਤ ਦੇ ਬਾਹਰ ਹੈ | ਐਸ.ਐੱਚ.ਓ. ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਵਿਅਕਤੀਆਂ ਦਾ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕਰਦਿਆਂ ਉਨ੍ਹਾਂ ਤੋਂ ਚੋਰੀ ਦੇ ਪੈਸੇ ਬਰਾਮਦ ਕਰਵਾਏ ਜਾਣਗੇ |