ਮੋਗਾ, 4 ਦਸੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮੋਗਾ ਸਥਿਤ ਆਸ਼ਰਮ ਵਿਖੇ ਸਤਿਸੰਗ ਸਮਾਗਮ ਕਰਵਾਇਆ ਗਿਆ | ਇਸ ਮੌਕੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਾਧਵੀ ਏਕਤਾ ਭਾਰਤੀ ਨੇ ਕਿਹਾ ਕਿ ਪ੍ਰਮਾਤਮਾ ਨੂੰ ਭੁੱਲਣ ਨਾਲ ਮਨੁੱਖ ਨੂੰ ਦੁੱਖ ਹੀ ਮਿਲਦੇ ਹਨ | ਉਦਾਹਰਨ ਵਜੋਂ ਜੇਕਰ ਕੋਈ ਬੂਟਾ ਆਪਣੀਆਂ ਜੜ੍ਹਾਂ ਤੋਂ ਵੱਖ ਹੋ ਜਾਂਦਾ ਹੈ ਤੇ ਇਹ ਸੋਚਦਾ ਹੈ ਕਿ ਇਸ ਦੀਆਂ ਟਾਹਣੀਆਂ ਸੁੰਦਰ ਫੁੱਲ ਜਾਂ ਮਿੱਠੇ ਫਲ ਦੇਣਗੀਆਂ, ਤਾਂ ਇਹ ਬਹੁਤ ਵੱਡੀ ਭੁੱਲ ਹੈ ਕਿਉਂਕਿ ਕੋਈ ਵੀ ਬੂਟਾ ਜੜ੍ਹ ਤੋਂ ਵੱਖ ਕੀਤੇ ਬਿਨ੍ਹਾਂ ਫਲ ਨਹੀਂ ਦੇ ਸਕਦਾ | ਸਾਧਵੀ ਨੇ ਕਿਹਾ ਕਿ ਇਸੇ ਲਈ ਸਾਡੇ ਮਹਾਂਪੁਰਖ ਲੋਕਾਂ ਨੂੰ ਸੁਚੇਤ ਕਰਦੇ ਹਨ ਕਿ ਅਜਿਹੇ ਸੁੱਖ ਭੋਗਣ ਦਾ ਕੀ ਫ਼ਾਇਦਾ ਜੋ ਜੀਵਨ ਨੂੰ ਮਨਾਉਣ ਦੀ ਬਜਾਏ ਦੁੱਖਾਂ ਨਾਲ ਭਰ ਦੇਣ | ਜ਼ਿੰਦਗੀ ਜੋ ਕਿ ਰੱਬ ਦੀ ਅਨਮੋਲ ਦਾਤ ਸੀ, ਮਨੁੱਖ ਦੀਆਂ ਗ਼ਲਤੀਆਂ ਕਾਰਨ ਸਰਾਪ ਬਣ ਜਾਂਦੀ ਹੈ | ਇਸ ਲਈ ਸਾਨੂੰ ਆਪਣੇ ਸਮੇਂ ਵਿਚੋਂ ਸਮਾਂ ਕੱਢ ਕੇ ਪ੍ਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ, ਉਹ ਸਾਡੇ ਜੀਵਨ 'ਚ ਮਦਦਗਾਰ ਹੈ | ਅੰਤ 'ਚ ਸ਼ਿਪਰਾ ਭਾਰਤੀ ਨੇ ਭਜਨ ਰਾਹੀਂ ਸੰਗਤਾਂ ਨੂੰ ਮੰਤਰ-ਮੁਗਧ ਕੀਤਾ |