ਮੋਗਾ, 4 ਦਸੰਬਰ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਮੋਗਾ ਸਿਟੀ ਨੇ 7 ਦਸੰਬਰ ਨੂੰ ਸਵਾਮੀ ਵੇਦਾਂਤਾ ਨੰਦ ਪਾਰਕ ਮੋਗਾ ਵਿਖੇ ਹੋਣ ਵਾਲੇ ਕੈਂਸਰ ਸਕਰੀਨਿੰਗ ਕੈਂਪ ਲਗਾਇਆ ਜਾਵੇਗਾ | ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕੈਂਸਰ ਜਾਗਰੂਕਤਾ ਰੈਲੀ ਕਲੱਬ ਚੇਅਰਮੈਨ ਵਿਜੇ ਮਦਾਨ ਤੇ ਪ੍ਰਧਾਨ ਪ੍ਰਵੇਸ਼ ਗੋਇਲ ਦੀ ਅਗਵਾਈ ਹੇਠ ਕੱਢੀ ਗਈ ਜਿਸ 'ਚ ਬਾਬਾ ਮੰਗਲ ਸਿੰਘ ਕਾਲਜ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ | ਸਿਹਤ ਮਾਹਿਰਾਂ ਨੇ ਲੋਕਾਂ ਨੂੰ ਕੈਂਸਰ ਦੇ ਲੱਛਣਾਂ, ਰੋਕਥਾਮ, ਜਲਦੀ ਪਤਾ ਲਗਾਉਣ ਤੇ ਸਮੇਂ ਸਿਰ ਇਲਾਜ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਜੇਕਰ ਕੈਂਸਰ ਦਾ ਸ਼ੁਰੂਆਤੀ ਪੜ੍ਹਾਅ 'ਤੇ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਜਲਦ ਹੋ ਸਕਦਾ ਹੈ | ਕਲੱਬ ਮੈਂਬਰਾਂ ਨੇ ਜਾਗਰੂਕ ਸੰਦੇਸ਼ਾਂ ਵਾਲੇ ਬੈਨਰ ਤੇ ਤਖ਼ਤੀਆਂ ਚੁੱਕੀਆਂ ਹੋਈਆਂ ਸਨ, ਜੋ ਲੋਕਾਂ ਨੂੰ ਕੈਂਸਰ ਦੀ ਰੋਕਥਾਮ ਬਾਰੇ ਜਾਣਕਾਰੀ ਦਿੰਦੇ ਸਨ ਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕਰਦੇ ਸਨ | ਚੇਅਰਮੈਨ ਵਿਜੇ ਮਦਾਨ ਤੇ ਪ੍ਰਧਾਨ ਪ੍ਰਵੇਸ਼ ਗੋਕਲ ਨੇ ਕਿਹਾ ਕਿ ਕੈਂਸਰ ਦੇਸ਼ ਤੇ ਸਮਾਜ ਦੇ ਸਾਹਮਣੇ ਇਕ ਗੰਭੀਰ ਚੁਣੌਤੀ ਹੈ, ਪਰ ਜਾਗਰੂਕਤਾ ਤੇ ਸਮੇਂ ਸਿਰ ਸਕਰੀਨਿੰਗ ਰਾਹੀਂ ਮੌਤ ਦਰ ਨੂੰ ਕਾਫੀ ਘੱਟ ਕੀਤਾ ਜਾ ਸਕਦਾ ਹੈ | ਇਸ ਮੌਕੇ ਰੋਟੇਰੀਅਨ ਡਾ. ਅਰੁਣ ਗੁਪਤਾ ਸਾਬਕਾ ਜ਼ਿਲ੍ਹਾ ਗਵਰਨਰ ਰੋਟਰੀ, ਰੋਟੇਰੀਅਨ ਵਿਜੇ ਮਦਾਨ, ਪ੍ਰਵੇਸ਼ ਗੋਇਲ, ਵਿਨੋਦ ਗਰਗ, ਰਾਕੇਸ਼ ਧਮੀਜਾ, ਰਜਿੰਦਰ ਸਚਦੇਵਾ, ਸ਼ਿਵਾਂਸ਼ ਗੋਇਲ, ਸੰਜੇ ਗਰਗ, ਰਾਹੁਲ ਬਾਂਸਲ, ਯਸ਼ਪਾਲ, ਰਾਜੀਵ ਸਿੰਗਲਾ, ਕੌਂਸਲਰ ਸਾਹਿਲ ਅਰੋੜਾ, ਦਿਨੇਸ਼ ਜਿੰਦਲ, ਅਮੋਲ ਸੂਦ, ਨਰਿੰਦਰ ਬਾਲੀ, ਰਮੇਸ਼ ਸਿੰਗਲਾ, ਪ੍ਰਦੀਪ ਸਿੰਘ ਹਾਜ਼ਰ ਸਨ |