ਮੋਗਾ, 4 ਦਸੰਬਰ (ਗੁਰਤੇਜ ਸਿੰਘ ਬੱਬੀ)-ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਵਲੋਂ ਅਸਤੀਫ਼ੇ ਤੋਂ ਬਾਅਦ ਭਾਵੇਂ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਪੀਨਾ ਨੂੰ ਕਾਰਜਕਾਰੀ ਮੇਅਰ ਦੇ ਅਹੁਦੇ 'ਤੇ ਬਿਠਾ ਦਿੱਤਾ ਗਿਆ ਹੈ ਪਰ ਨਗਰ ਨਿਗਮ ਦੇ ਕਾਨੂੰਨ ਮੁਤਾਬਿਕ ਨਗਰ ਨਿਗਮ ਦੇ ਕਮਿਸ਼ਨਰ ਵਲੋਂ ਇਕ ਮਹੀਨੇ ਦੇ ਅੰਦਰ-ਅੰਦਰ ਇਹ ਚੋਣ ਕਰਵਾਉਣੀ ਹੁੰਦੀ ਹੈ | ਇਸ ਸਬੰਧੀ ਮੋਗਾ ਸ਼ਹਿਰ ਦੇ ਦੋ ਕੌਂਸਲਰਾਂ ਵਾਰਡ ਨੰਬਰ 42 ਤੋਂ ਗੌਰਵ ਗੁਪਤਾ ਗੁੱਡੂ ਤੇ ਵਾਰਡ ਨੰਬਰ 37 ਤੋਂ ਕੌਂਸਲਰ ਰੀਮਾ ਸੂਦ ਨੇ ਨਗਰ ਨਿਗਮ ਮੋਗਾ ਦੇ ਕਮਿਸ਼ਨਰ ਨੂੰ ਇਕ ਪੱਤਰ ਲਿਖਿਆ ਹੈ ਜਿਸ ਵਿਚ ਮੰਗ ਕੀਤੀ ਹੈ ਕਿ ਸੈਕਸ਼ਨ 38 (3) ਪੰਜਾਬ ਕਾਰਪੋਰੇਸ਼ਨ ਐਕਟ ਮੁਤਾਬਿਕ ਮੋਗਾ ਨਗਰ ਨਿਗਮ ਦੇ ਮੇਅਰ ਦੀ ਚੋਣ ਦੀ ਪ੍ਰਕਿਰਿਆ ਆਰੰਭੀ ਜਾਵੇ ਕਿਉਂਕਿ ਸ਼ਹਿਰ ਵਾਸੀਆਂ ਲਈ ਇਹ ਇਕ ਅਹਿਮ ਮੁੱਦਾ ਹੈ ਅਤੇ ਮੋਗਾ ਸ਼ਹਿਰ ਦਾ ਵਿਕਾਸ ਵੀ ਜੁੜਿਆ ਹੋਇਆ ਹੈ | ਇਸ ਗੱਲ ਨੂੰ ਲੈ ਕੇ ਮੋਗਾ ਸ਼ਹਿਰ ਦੀ ਸਿਵਲ ਸੁਸਾਇਟੀ ਵੀ ਅਜਿਹੀ ਹੀ ਮੰਗ ਪਹਿਲਾਂ ਹੀ ਕਰ ਚੁੱਕੀ ਹੈ ਅਤੇ ਉਨ੍ਹਾਂ ਨੇ ਸ਼ਹਿਰ ਦੇ ਸਾਰੇ ਕੌਂਸਲਰਾਂ ਨੂੰ ਇੱਕਜੁੱਟ ਹੋ ਕੇ ਯੋਗ ਮੇਅਰ ਚੁਣਨ ਦੀ ਮੰਗ ਵੀ ਕੀਤੀ ਹੈ ਤਾਂ ਕਿ ਸ਼ਹਿਰ ਦਾ ਰੁਕਿਆ ਹੋਇਆ ਵਿਕਾਸ ਹੋ ਸਕੇ |