ਮੋਗਾ, 4 ਦਸੰਬਰ (ਸੁਰਿੰਦਰਪਾਲ ਸਿੰਘ)-ਤਿੰਨ ਮਹੀਨੇ ਬੀਤਣ ਤੋਂ ਬਾਅਦ ਵੀ ਚਲਾਨ ਨਾ ਭਰਨ ਵਾਲੇ ਵਾਹਨ ਮਾਲਕਾਂ ਦੇ ਵਾਹਨਾਂ ਨੂੰ ਟਰਾਂਸਪੋਰਟ ਦਫ਼ਤਰ ਵਲੋਂ ਬਲੈਕ ਲਿਸਟ ਕਰ ਦਿੱਤਾ ਜਾਵੇਗਾ | ਇਹ ਜਾਣਕਾਰੀ ਸਹਾਇਕ ਰਿਜਨਲ ਟਰਾਂਸਪੋਰਟ ਅਫ਼ਸਰ ਮੋਗਾ ਸ਼ਮਿੰਦਰ ਮਾਨ ਦਿੱਤੀ | ਉਨ੍ਹਾਂ ਦੱਸਿਆ ਕਿ ਮੋਗਾ ਨਾਲ ਸਬੰਧਿਤ ਵਿਅਕਤੀ ਜਿਨ੍ਹਾਂ ਨੇ ਆਪਣੇ ਵਾਹਨਾਂ ਦੇ ਚਲਾਨਾਂ ਨੂੰ ਤਿੰਨ ਮਹੀਨੇ ਗੁਜ਼ਰਨ ਦੇ ਬਾਅਦ ਵੀ ਜਮ੍ਹਾ ਨਹੀਂ ਕਰਵਾਇਆ, ਉਹ ਤੁਰੰਤ ਪ੍ਰਭਾਵ ਨਾਲ ਵਾਹਨਾਂ ਦੇ ਚਲਾਨਾਂ ਨੂੰ ਜਮਾਂ ਕਰਵਾਉਣ | ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਜੇਕਰ ਅਜਿਹੇ ਵਾਹਨ ਮਿਲਦੇ ਹਨ ਤਾਂ ਉਨ੍ਹਾਂ ਉੱਪਰ ਕਾਨੂੰਨੀ ਕਰਵਾਈ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਆਪਣੇ ਵਾਹਨਾਂ ਨੂੰ ਜ਼ਬਤ ਹੋਣ ਤੋਂ ਬਚਾਉਣ ਲਈ ਜਲਦ ਤੋਂ ਜਲਦ ਆਪਣੇ ਬਕਾਇਆ ਚਲਾਨ ਜਮਾਂ ਕਰਵਾਏ ਜਾਣ | ਜ਼ਿਕਰਯੋਗ ਹੈ ਕਿ ਬਕਾਇਆ ਚਲਾਨਾਂ ਦੀ ਸੂਚਨਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਸੂਚਨਾ ਬੋਰਡ, ਆਰ.ਟੀ.ਓ. ਦਫ਼ਤਰ ਅਤੇ ਐਸ.ਐਸ.ਪੀ. ਦਫ਼ਤਰ ਵਿਖੇ ਚਿਪਕਾ ਦਿੱਤੀ ਗਈ ਹੈ |