ਨਵੀਂ ਦਿੱਲੀ, 9 ਦਸੰਬਰ (ਉਪਮਾ ਡਾਗਾ ਪਾਰਥ)-ਕਿਸੇ ਵੀ ਹਵਾਈ ਕੰਪਨੀ ਭਾਵੇਂ ਉਹ ਕਿੰਨੀ ਵੀ ਵੱਡੀ ਹੋਵੇ, ਨੂੰ ਮੁਸਾਫਿਰਾਂ ਨੂੰ ਤਕਲੀਫ਼ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸੁਰੱਖਿਆ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ | ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਨੇ ਮੰਗਲਵਾਰ ਨੂੰ ਲੋਕ ਸਭਾ 'ਚ ਇੰਡੀਗੋ ਸੰਕਟ 'ਤੇ ਬੋਲਦਿਆਂ ਉਕਤ ਬਿਆਨ ਦਿੱਤਾ | ਹਾਲਾਂਕਿ ਮੰਤਰੀ ਦੇ ਜਵਾਬ ਤੋਂ ਅਸੰਤੁਸ਼ਟ ਵਿਰੋਧੀ ਧਿਰਾਂ ਨੇ ਸਦਨ 'ਚੋਂ ਵਾਕਆਊਟ ਕਰ ਦਿੱਤਾ | ਕੇਂਦਰੀ ਮੰਤਰੀ ਨੇ ਲੋਕ ਸਭਾ 'ਚ ਦਿੱਤੇ ਸੰਖੇਪ ਬਿਆਨ 'ਚ ਹਵਾਈ ਅੱਡਿਆਂ 'ਤੇ ਖੱਜਲ-ਖੁਆਰ ਹੋ ਰਹੇ ਮੁਸਾਫਿਰਾਂ ਦੀ ਹਾਲਤ ਲਈ ਜਵਾਬਦੇਹੀ ਤੈਅ ਕਰਨ ਨੂੰ ਅਹਿਮ ਦੱਸਦਿਆਂ ਕਿਹਾ ਕਿ ਹਵਾਈ ਕੰਪਨੀਆਂ ਦੀ ਨੇਮਬੱਧ ਸੰਸਥਾ 'ਡੀ.ਜੀ.ਸੀ.ਏ.' ਨੇ ਇੰਡੀਗੋ ਦੀ ਸੀਨੀਅਰ ਲੀਡਰਸ਼ਿਪ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਅਤੇ ਇਸ ਸੰਬੰਧ 'ਚ ਤਵਸੀਲੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਹਵਾਈ ਕੰਪਨੀ 'ਤੇ ਸਖ਼ਤ ਅਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ | ਨਾਇਡੂ ਨੇ ਸਦਨ 'ਚ ਬੋਲਦਿਆਂ ਕਿਹਾ ਕਿ ਇੰਡੀਗੋ ਦੇ ਆਪ੍ਰੇਸ਼ਨ ਹੌਲੀ-ਹੌਲੀ ਨਾਰਮਲ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਹਵਾਈ ਅੱਡੇ ਵੀ ਹੁਣ ਬਿਨਾਂ ਭੀੜ ਅਤੇ ਬੇਚੈਨੀ ਤੋਂ ਪੁਰਾਣੇ ਹਾਲਾਤ 'ਚ ਪਰਤ ਰਹੇ ਹਨ | ਰਿਫੰਡ, ਸਾਮਾਨ ਦੀ ਭਾਲ ਤੇ ਵਾਪਸੀ ਅਤੇ ਮੁਸਾਫਿਰਾਂ ਦੇ ਸਮਰਥਨ ਲਈ ਹਰ ਤਰ੍ਹਾਂ ਦੇ ਲੋੜੀਂਦੇ ਕਦਮ ਮੰਤਰਾਲੇ ਦੀ ਨਿਗਰਾਨੀ 'ਚ ਲਏ ਗਏ ਹਨ | ਨਾਇਡੂ ਕਿਹਾ ਕਿ ਨੇ ਫਲਾਈਟ ਡਿਊਟੀ 'ਚ ਕੀਤੇ ਬਦਲਾਅ, ਜੋ ਕਿ ਇੰਡੀਗੋ ਸੰਕਟ ਦਾ ਮੁੱਖ ਕਾਰਨ ਰਹੇ, ਨੂੰ ਪਾਇਲਟਾਂ ਨੂੰ ਥਕੇਵੇਂ ਤੋਂ ਬਚਾਅ ਲਈ ਤਿਆਰ ਕੀਤੇ ਅਤੇ ਲਾਗੂ ਕੀਤੇ ਗਏ ਹਨ | ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਸੁਧਾਰ ਮੁਸਾਫਿਰਾਂ ਦੀ ਸੁਰੱਖਿਆ ਵਧਾਉਣ ਲਈ ਕੀਤੇ ਗਏ ਹਨ | ਮੰਤਰੀ ਨੇ ਕਿਹਾ ਕਿ ਡੀ.ਜੀ.ਸੀ.ਏ. ਨੇ ਪੜਾਅ ਦਰ ਢੰਗ ਨਾਲ ਸਾਰੇ ਹਿੱਤਧਾਰਕਾਂ ਨਾਲ ਚਰਚਾ ਕਰਨ ਤੋਂ ਬਾਅਦ ਹੀ ਬਦਲਾਅ ਲਾਗੂ ਕੀਤੇ ਸਨ ਜਿਸ ਦਾ ਪਹਿਲਾ ਪੜਾਅ 1 ਜੁਲਾਈ 2025 ਅਤੇ ਦੂਜਾ 1 ਨਵੰਬਰ 2025 'ਚ ਲਾਗੂ ਕੀਤਾ ਗਿਆ ਸੀ ਅਤੇ ਇੰਡੀਗੋ ਨੇ ਇਨ੍ਹਾਂ ਬਦਲਾਵਾਂ ਨੂੰ ਲਾਗੂ ਕਰਨ ਦਾ ਭਰੋਸਾ ਦਿਵਾਇਆ ਸੀ ਅਤੇ ਇਸ ਨੂੰ ਸਰਦੀਆਂ ਤੋਂ ਲਾਗੂ ਕਰਨ ਦੀ ਪੁਸ਼ਟੀ ਕੀਤੀ ਸੀ | ਪਰ ਇਨ੍ਹਾਂ ਭਰੋਸਿਆਂ ਦੇ ਬਾਵਜੂਦ ਇਹ ਪਾਇਆ ਗਿਆ ਕਿ ਰੋਸਟਰ ਦੀਆਂ ਅੰਦਰੂਨੀ ਦਿੱਕਤਾਂ ਦੇ ਕਾਰਨ ਵੱਡੇ ਪੱਧਰ 'ਤੇ ਟਿਕਟਾਂ ਰੱਦ ਹੋਈਆਂ ਅਤੇ ਹਜ਼ਾਰਾਂ ਮੁਸਾਫਿਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਨਾਇਡੂ ਨੇ ਕਿਹਾ ਕਿ ਅਸੀਂ ਅਚਾਨਕ ਵਧੀ ਮੰਗ ਅਤੇ ਵਧੀਆਂ ਹੋਈਆਂ ਕੀਮਤਾਂ ਦੇ ਬੋਝ ਤੋਂ ਮੁਸਾਫਿਰਾਂ ਨੂੰ ਬਚਾਉਣ ਲਈ ਦਖ਼ਲਅੰਦਾਜ਼ੀ ਕਰ ਕੇ ਘਰੇਲੂ ਉਡਾਣਾਂ ਦੀ ਵੱਧ ਤੋਂ ਵੱਧ ਕੀਮਤ ਨਿਸਚਿਤ ਕਰ ਦਿੱਤੀ | ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਮੁਸਾਫਿਰਾਂ ਦੇ 750 ਕਰੋੜ ਰੁਪਏ ਰਿਫੰਡ ਕਰ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਸਰਕਾਰ ਹਵਾਬਾਜ਼ੀ ਦਾ ਮਜ਼ਬੂਤ ਤੰਤਰ ਬਣਾਉਣ ਪ੍ਰਤੀ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਆਪਣੀਆਂ ਨੀਤੀਆਂ ਕਾਰਨ ਅਸੀਂ ਨਵੀਆਂ ਹਵਾਈ ਕੰਪਨੀਆਂ ਨੂੰ ਭਾਰਤ 'ਚ ਸ਼ੁਰੂਆਤ ਕਰਨ ਲਈ ਉਤਸ਼ਾਹਿਤ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ ਵੱਧ ਏਅਰਲਾਈਨਜ਼ ਦਾ ਮਤਲਬ ਜ਼ਿਆਦਾ ਬਦਲ ਅਤੇ ਮੁਸਾਫਿਰਾਂ ਨੂੰ ਵਧੇਰੇ ਸੁਵਿਧਾਵਾਂ ਪ੍ਰਦਾਨ ਕਰਨਾ ਹੈ |