ਨਵੀਂ ਦਿੱਲੀ, 9 ਦਸੰਬਰ (ਅਜੀਤ ਬਿਊਰੋ)-ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ 'ਵੀਰ ਬਾਲ ਦਿਵਸ' ਦਾ ਨਾਂਅ ਤੁਰੰਤ ਬਦਲ ਕੇ 'ਸਾਹਿਬਜ਼ਾਦੇ ਸ਼ਹੀਦੀ ਦਿਵਸ' ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਨਾਂਅ ਬਦਲਣਾ ਸਿਰਫ਼ ਇੱਕ ਭਾਸ਼ਾਈ ਤਬਦੀਲੀ ਨਹੀਂ ਹੈ, ਸਗੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਉਸ ਸ਼ਰਧਾ ਨਾਲ ਯਾਦ ਕਰਨ ਲਈ ਇੱਕ ਜ਼ਰੂਰੀ ਕਦਮ ਹੈ, ਜੋ ਇਸਦੀ ਡੂੰਘੀ ਧਾਰਮਿਕ ਮਹੱਤਤਾ ਨੂੰ ਘਟਾਉਣ ਵਾਲੀਆਂ ਧਰਮ-ਨਿਰਪੱਖ ਵਿਆਖਿਆਵਾਂ ਤੋਂ ਅਛੂਤਾ ਹੈ | ਕੰਗ ਨੇ ਕਿਹਾ 2022 ਤੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 'ਵੀਰ ਬਾਲ ਦਿਵਸ' ਵਜੋਂ ਮਨਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਿੱਖ ਸੰਸਥਾਵਾਂ ਨੇ 2023 ਵਿਚ ਪ੍ਰਧਾਨ ਮੰਤਰੀ ਨੂੰ ਰਸਮੀ ਸੰਚਾਰ ਅਤੇ 1934 ਤੋਂ ਪੁਰਾਣੇ ਮਤਿਆਂ ਰਾਹੀਂ ਇਸ ਤਬਦੀਲੀ ਦੀ ਲਗਾਤਾਰ ਵਕਾਲਤ ਕੀਤੀ ਹੈ |