ਅਟਾਰੀ ਸਰਹੱਦ/ਤਰਨਤਾਰਨ, 9 ਦਸੰਬਰ (ਰਾਜਿੰਦਰ ਸਿੰਘ ਰੂਬੀ, ਹਰਿੰਦਰ ਸਿੰਘ)-ਪਾਕਿਸਤਾਨ ਤੋਂ ਗ਼ੈਰ ਕਾਨੂੰਨੀ ਢੰਗ ਨਾਲ ਅੱਜ ਦੁਪਹਿਰ ਸਮੇਂ ਕੰਡਿਆਲੀ ਤਾਰ ਦੇ ਨਜ਼ਦੀਕ ਭਾਰਤੀ ਖੇਤਰ ਅੰਦਰ ਪੁੱਜੇ ਇਕ ਵਿਅਕਤੀ ਨੂੰ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਗਿ੍ਫ਼ਤਾਰ ਕਰਕੇ ਸਥਾਨਕ ਪੁਲਿਸ ਦੇ ਹਵਾਲੇ ਕੀਤਾ ਜਾਣ ਬਾਰੇ ਖਬਰ ਪ੍ਰਾਪਤ ਹੋਈ ਹੈ | ਬੀ. ਐੱਸ. ਐੱਫ. ਦੇ ਅੰਮਿ੍ਤਸਰ ਸੈਕਟਰ ਤੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਭਾਰਤੀ ਖੇਤਰ ਕਲਸੀਆਂ ਵਿਖੇ ਲੱਗੀ ਕੰਡਿਆਲੀ ਤਾਰ 'ਤੇ ਤਾਇਨਾਤ 115 ਬੀ. ਐੱਸ. ਐੱਫ. ਦੀ ਬਟਾਲੀਅਨ ਦੇ ਪਿੱਲਰ ਬੁਰਜੀ ਨੰਬਰ 133/20 ਪਾਕਿਸਤਾਨ ਵਾਲੇ ਪਾਸਿਓਾ ਆਦਮੀ ਨੂੰ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਭਾਰਤ ਅੰਦਰ ਦਾਖਲ ਹੋਣ 'ਤੇ ਉੱਚੀ-ਉੱਚੀ ਅਵਾਜ਼ਾਂ ਤੇ ਸੀਟੀਆਂ ਵਜਾ ਕੇ ਵਾਪਸ ਵਤਨ ਪਾਕਿਸਤਾਨ ਜਾਣ ਲਈ ਪ੍ਰੇਰਿਆ ਗਿਆ ਪਰ ਪਾਕਿ ਨਾਗਰਿਕ ਸਿੱਧਾ ਚੱਲਦਾ ਹੋਇਆ ਭਾਰਤੀ ਖੇਤਰ ਅੰਦਰ ਲੱਗੀ ਕੰਡਿਆਲੀ ਤਾਰ 'ਤੇ ਪੁੱਜ ਗਿਆ ਜਿੱਥੇ ਕਿ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਪਾਕਿਸਤਾਨੀ ਨਾਗਰਿਕ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਮੱੁਢਲੀ ਪੁੱਛਗਿੱਛ ਦੌਰਾਨ ਉਸ ਦੀ ਪਹਿਚਾਣ ਹਸਮਤ ਅਲੀ (50) ਪੁੱਤਰ ਸਵ: ਵਲੀ ਮੁਹੰਮਦ ਵਾਸੀ ਪਿੰਡ ਕਲਿਆਣ ਜ਼ਿਲ੍ਹਾ ਕਸੂਰ ਪਾਕਿਸਤਾਨ ਵਜੋਂ ਹੋਈ ਹੈ |