ਐੱਸ. ਏ. ਐੱਸ. ਨਗਰ, 9 ਦਸੰਬਰ (ਕਪਿਲ ਵਧਵਾ)-ਅੰਮਿ੍ਤਸਰ ਦੇ ਚਰਚਿਤ 2.70 ਕਰੋੜ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਦੇ ਮਾਮਲੇ ਵਿਚ ਈ. ਡੀ. ਵਲੋਂ ਦਰਜ ਮਨੀ ਲਾਂਡਰਿੰਗ ਮਾਮਲੇ ਵਿਚ ਡਾਇਰੈਕਟੋਰੇਟ ਨੇ ਮੁਲਜ਼ਮ ਅਭਿਸ਼ੇਕ ਕੁਮਾਰ ਨੂੰ ਗਿ੍ਫ਼ਤਾਰ ਕਰਕੇ 6 ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ | ਦੱਸ ਦਈਏ ਕਿ ਸਾਲ 2024 ਵਿਚ ਐੱਸ. ਟੀ. ਐੱਫ. ਨੇ ਫਰਜ਼ੀ ਮੈਡੀਕਲ ਦੁਕਾਨਾਂ ਦੀ ਆੜ ਵਿਚ ਚੱਲ ਰਹੇ ਨਸ਼ੀਲੀਆਂ ਗੋਲੀਆਂ ਦੇ ਕਾਰੋਬਾਰ 'ਤੇ ਸ਼ਿਕੰਜਾ ਕਸਦਿਆਂ 2.70 ਕਰੋੜ ਨਸ਼ੀਲੀਆਂ ਗੋਲੀਆਂ, 765 ਕਿੱਲੋ ਨਾਰਕੋਟਿਕ ਪਾਊਡਰ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ ਸੀ | ਇਹ ਨੈੱਟਵਰਕ ਕਈ ਸੂਬਿਆਂ ਵਿਚ ਫੈਲਿਆ ਹੋਇਆ ਸੀ ਅਤੇ ਅਧਿਕਾਰੀਆਂ ਨੇ 10 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਸੀ | ਇਨ੍ਹਾਂ ਮੁਲਜ਼ਮਾਂ 'ਚੋਂ ਇਕ ਅਭਿਸ਼ੇਕ ਕੁਮਾਰ ਨੂੰ ਉਸ ਦੇ ਦੋ ਸਾਥੀਆਂ ਵਿਸ਼ਾਲ ਅਤੇ ਨਿਖਲ ਸਮੇਤ ਹਰਿਦੁਆਰਾ ਤੋਂ ਕਾਬੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸ ਮਾਮਲੇ ਵਿਚ ਕਰੋੜਾਂ ਰੁਪਏ ਦੇ ਗ਼ੈਰਕਾਨੂੰਨੀ ਲੈਣ-ਦੇਣ ਦੇ ਮੱਦੇਨਜ਼ਰ ਈ. ਡੀ. ਨੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰਕੇ ਆਪਣੇ ਪੱਧਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ | ਤਾਜ਼ਾ ਕਾਰਵਾਈ ਦੌਰਾਨ ਈ. ਡੀ. ਨੇ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਨਜ਼ਰਬੰਦ ਅਭਿਸ਼ੇਕ ਦੇ ਪ੍ਰੋਡਕਸ਼ਨ ਵਾਰੰਟ ਦੀ ਅਰਜ਼ੀ ਮੁਹਾਲੀ ਅਦਾਲਤ ਵਿਖੇ ਦਾਇਰ ਕੀਤੀ ਸੀ, ਜਿਸ ਦੇ ਚਲਦਿਆਂ ਮੰਗਲਵਾਰ ਨੂੰ ਅਭਿਸ਼ੇਕ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ | ਇਸ ਮੌਕੇ ਈ. ਡੀ. ਦੇ ਅਧਿਕਾਰੀਆਂ ਨੇ ਦਲੀਲ ਦਿੱਤੀ ਕਿ ਮਨੀ ਟ੍ਰੇਲ ਦੀ ਜਾਂਚ ਦੌਰਾਨ ਉਕਤ ਮੁਲਜ਼ਮ ਵਿਰੁੱਧ ਕਈ ਸਬੂਤ ਹੱਥ ਲੱਗੇ ਹਨ, ਜਿਨ੍ਹਾਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਉਸ ਦੀ ਹਿਰਾਸਤੀ ਪੁੱਛਗਿੱਛ ਦੀ ਅਹਿਮ ਲੋੜ ਹੈ | ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਇਸ ਮਾਮਲੇ ਸੰਬੰਧੀ ਉਕਤ ਮੁਲਜ਼ਮ ਨੂੰ 15 ਦਸੰਬਰ ਤੱਕ ਈ. ਡੀ. ਨੂੰ ਪੁਲਿਸ ਰਿਮਾਂਡ ਤਹਿਤ ਸੌਂਪ ਦਿੱਤਾ ਹੈ |