ਅੰਮਿ੍ਤਸਰ, 8 ਦਸੰਬਰ (ਜਸਵੰਤ ਸਿੰਘ ਜੱਸ)-ਪੁਲਿਸ ਵਲੋਂ ਕਰੀਬ 26 ਸਾਲ ਪਹਿਲਾਂ ਸ਼ੋ੍ਰਮਣੀ ਕਮੇਟੀ ਵਲੋਂ ਪ੍ਰਕਾਸ਼ਿਤ ਇਕ ਹਿੰਦੀ ਦੀ ਪੁਸਤਕ 'ਸਿੱਖ ਇਤਿਹਾਸ' ਵਿਚ ਗੁਰੂ ਸਾਹਿਬਾਨ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੇ ਜਾਣ 'ਤੇ ਵੱਖ-ਵੱਖ ਧਾਰਾਵਾਂ ਹੇਠ ਸ਼ੋ੍ਰਮਣੀ ਕਮੇਟੀ ਦੇ 2 ਸਾਬਕਾ ਅਧਿਕਾਰੀਆਂ ਖ਼ਿਲਾਫ਼ ਐਫ਼. ਆਈ. ਆਰ. ਦਰਜ ਕੀਤੇ ਜਾਣ ਦੀ ਸੂਚਨਾ ਮਿਲੀ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਸ: ਸਿਰਸਾ ਦੀ ਸ਼ਿਕਾਇਤ 'ਤੇ ਸਥਾਨਕ ਪੁਲਿਸ ਥਾਣਾ ਈ ਡਵੀਜਨ (ਕੋਤਵਾਲੀ) ਵਿਖੇ ਸ਼ੋ੍ਰਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਦੋ ਤਤਕਾਲੀ ਅਧਿਕਾਰੀਆਂ ਹਰਬੇਅੰਤ ਸਿੰਘ ਅਤੇ ਵਰਿਆਮ ਸਿੰਘ, ਜਿਨ੍ਹਾਂ ਵਲੋਂ ਕਿ ਇਹ ਕਿਤਾਬ ਇਕ ਨਿੱਜੀ ਪ੍ਰਕਾਸ਼ਕ ਕੋਲੋਂ ਪ੍ਰਕਾਸ਼ਿਤ ਕਰਨ ਦੀ ਉਸ ਵੇਲੇ ਮਨਜ਼ੂਰੀ ਦਿੱਤੀ ਗਈ ਸੀ, ਉਨ੍ਹਾਂ ਵਿਰੁੱਧ ਆਈ. ਪੀ. ਸੀ. ਦੀ ਧਾਰਾ 420, 465, 468, 471, 120-ਬੀ, 295 ਅਤੇ 295-ਏ ਤਹਿਤ ਪਰਚਾ ਦਰਜ ਕੀਤਾ ਗਿਆ ਹੈ | ਇਸੇ ਦੌਰਾਨ ਜਦੋਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਪਰਚਾ ਦਰਜ ਕਰਨ ਦੀ ਪੁਸ਼ਟੀ ਕੀਤੀ |