ਕਿਹਾ, ਮੈਨੂੰ ਤਾਂ ਬੁੱਢੀ ਉਮਰੇ ਵਖਤ ਪਾ ਰੱਖਿਆ, ਮੈਂ ਉਸ ਨੂੰ ਮੁਆਫ਼ੀ ਕਿਵੇਂ ਦੇਵਾਂ
ਬਠਿੰਡਾ, 4 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਕਿਸਾਨ ਔਰਤਾਂ ਖ਼ਿਲਾਫ਼ ਵਿਵਾਦਿਤ ਟਿੱਪਣੀ ਕਰਨ ਕਰਕੇ ਮਾਣਹਾਨੀ ਮਾਮਲੇ ਦਾ ਸਾਹਮਣਾ ਕਰ ਰਹੀ ਬਾਲੀਵੁੱਡ ਅਦਾਕਾਰਾ ਤੇ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ਖ਼ਿਲਾਫ਼ ਮੁੱਖ ਸ਼ਿਕਾਇਤਕਰਤਾ ਮਾਤਾ ਮਹਿੰਦਰ ਕੌਰ ਦੇ ਅੱਜ ਅਦਾਲਤ ਵਲੋਂ ਬਿਆਨ ਕਲਮਬੱਧ ਕੀਤੇ ਗਏ | ਇਸ ਮਾਮਲੇ ਦੀ ਅਗਲੀ ਸੁਣਵਾਈ 15 ਦਸੰਬਰ ਰੱਖੀ ਗਈ ਹੈ | ਇਸ ਮੌਕੇ ਮਾਤਾ ਮਹਿੰਦਰ ਕੌਰ ਦੇ ਵਕੀਲ ਰਘਵੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਅੱਜ ਬਠਿੰਡਾ ਦੇ ਜੁਡੀਸ਼ੀਅਲ ਮੈਜਿਸਟ੍ਰੇਟ (ਫ਼ਸਟ ਕਲਾਸ) ਦੀ ਅਦਾਲਤ ਵਿਚ ਕੰਗਣਾ ਰਣੌਤ ਦੇ ਖ਼ਿਲਾਫ਼ ਦਰਜ ਮਾਣਹਾਨੀ ਦੇ ਮੁਕੱਦਮੇ ਦੀ ਸੁਣਵਾਈ ਸੀ, ਜਿਸ ਦੌਰਾਨ ਕੰਗਣਾ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਵਾਉਣ ਵਾਲੀ ਪਿੰਡ ਬਹਾਦਰਗੜ੍ਹ ਜੰਡੀਆਂ (ਬਠਿੰਡਾ) ਦੀ ਬਜ਼ੁਰਗ ਮਾਤਾ ਮਹਿੰਦਰ ਕੌਰ ਵਲੋਂ ਕੰਗਣਾ ਦੇ ਖ਼ਿਲਾਫ਼ ਆਪਣੇ ਬਿਆਨ ਦਰਜ ਕਰਵਾਏ ਗਏ | ਇਸ ਤੋਂ ਇਲਾਵਾ ਮਾਤਾ ਦੇ ਪੋਤਰੇ ਗੁਰਪ੍ਰੀਤ ਸਿੰਘ ਦੇ ਬਿਆਨ ਵੀ ਅਦਾਲਤ ਨੇ ਕਲਮਬੱਧ ਕੀਤੇ ਹਨ | ਕੰਗਣਾ ਵਲੋਂ ਇਸ ਮਾਮਲੇ 'ਚ ਨਿੱਜੀ ਪੇਸ਼ੀ ਤੋਂ ਛੋਟ ਲੈਣ ਲਈ ਦਾਖਲ ਅਰਜ਼ੀ 'ਤੇ ਅੱਜ ਸੁਣਵਾਈ ਨਹੀਂ ਹੋਈ ਤੇ ਅਦਾਲਤ ਨੇ ਅਗਲੀ 15 ਦਸੰਬਰ ਦੀ ਪੇਸ਼ੀ ਮੌਕੇ ਕੰਗਣਾ ਦੇ ਸੀਨੀਅਰ ਵਕੀਲ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ | ਇਸ ਮਾਮਲੇ 'ਚ ਕੰਗਣਾ ਵਲੋਂ ਮੁਆਫ਼ੀ ਮੰਗੇ ਜਾਣ ਬਾਰੇ ਪੁੱਛੇ ਜਾਣ 'ਤੇ ਮਾਤਾ ਮਹਿੰਦਰ ਕੌਰ ਨੇ ਕਿਹਾ ਕਿ ਜਿਸ ਨੇ ਮੈਨੂੰ ਬੁੱਢੀ ਉਮਰੇ ਵਖਤ ਪਾ ਰੱਖਿਆ ਹੈ ਤੇ ਜਿਸ ਦੀ ਮੈਂ ਕਦੇ ਸ਼ਕਲ ਨਹੀਂ ਦੇਖੀ, ਉਸ ਨੂੰ ਮੈਂ ਮੁਆਫ਼ੀ ਕਿਵੇਂ ਦੇ ਦੇਵਾਂ |
ਮਾਣਹਾਨੀ ਮਾਮਲੇ 'ਚ ਕੰਗਣਾ ਰਣੌਤ ਦੇ ਖ਼ਿਲਾਫ਼ ਮਾਤਾ ਮਹਿੰਦਰ ਕੌਰ ਦੇ ਬਿਆਨ ਕਲਮਬੱਧ <br/>
ਅਜੀਤ ਡੈਸਕ
05-12-2025