ਅਜਨਾਲਾ, 4 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਥਾਣਾ ਹਮਲਾ ਮਾਮਲੇ ਵਿਚ ਐੱਨ.ਐੱਸ.ਏ. ਤਹਿਤ ਡਿਬਰੂਗੜ੍ਹ ਜੇਲ੍ਹ ਵਿਖੇ ਬੰਦ ਤਰਨਤਾਰਨ ਤੋਂ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਦੇ ਕਰੀਬੀ ਸਾਥੀ ਪੱਪਲਪ੍ਰੀਤ ਸਿੰਘ ਅਤੇ ਕੁਲਵੰਤ ਸਿੰਘ ਰਾਊਕੇ ਨੂੰ ਪੰਜਾਬ ਪੁਲਿਸ ਵਲੋਂ ਵਰਿੰਦਰ ਸਿੰਘ ਕੁੱਟਮਾਰ ਮਾਮਲੇ ਵਿਚ 2 ਵੱਖ-ਵੱਖ ਜੇਲ੍ਹਾਂ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਅਜਨਾਲਾ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵਲੋਂ ਦੋਵਾਂ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ | ਉਪਰੰਤ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਡੀ.ਐੱਸ.ਪੀ. ਅਜਨਾਲਾ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਸਾਲ 2023 ਵਿਚ ਵਰਿੰਦਰ ਸਿੰਘ ਵਾਸੀ ਪਿੰਡ ਸਲੇਮਪੁਰਾ (ਸ੍ਰੀ ਚਮਕੌਰ ਸਾਹਿਬ) ਜੋ ਕਿ ਦਮਦਮੀ ਟਕਸਾਲ ਅਜਨਾਲਾ ਵਿਖੇ ਆਇਆ ਸੀ, ਜਿਸ ਦੀ ਅੰਮਿ੍ਤਪਾਲ ਸਿੰਘ ਤੇ ਉਸਦੇ ਸਾਥੀਆਂ ਵਲੋਂ ਕੁੱਟਮਾਰ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਇਸ ਕੇਸ ਵਿਚ ਪੱਪਲਪ੍ਰੀਤ ਸਿੰਘ ਅਤੇ ਕੁਲਵੰਤ ਸਿੰਘ ਰਾਊਕੇ ਜੋ ਕਿ ਥਾਣਾ ਅਜਨਾਲਾ ਹਮਲਾ ਮਾਮਲੇ ਸੰਬੰਧੀ ਥਾਣਾ ਅਜਨਾਲਾ 'ਚ ਦਰਜ ਮੁਕੱਦਮਾ ਨੰਬਰ 39 ਵਿਚ ਵੱਖ-ਵੱਖ ਜੇਲ੍ਹਾਂ ਵਿਚ ਬੰਦ ਸਨ, ਨੂੰ ਅੱਜ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ 29 ਨੰਬਰ ਮੁਕੱਦਮੇ ਵਿਚ ਗਿ੍ਫ਼ਤਾਰੀ ਪਾ ਕੇ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ |