ਨਵੀਂ ਦਿੱਲੀ, 21 ਅਕਤੂਬਰ (ਜਗਤਾਰ ਸਿੰਘ)-ਦੀਵਾਲੀ ਤੋਂ ਬਾਅਦ ਦਿੱਲੀ 'ਚ ਵਧੇ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ 'ਆਪ' 'ਤੇ ਜਵਾਬੀ ਹਮਲਾ ਕੀਤਾ ਹੈ | ਸਿਰਸਾ ਨੇ ਕਿਹਾ ਕਿ ਦੀਵਾਲੀ ਦੀ ਰਾਤ ਨੂੰ ਪਰਾਲੀ ਸਾੜਨ ਦੀਆਂ ਸਭ ਤੋਂ ਵੱਧ ਘਟਨਾਵਾਂ ਆਮ ਆਦਮੀ ਪਾਰਟੀ ਦੇ ਸ਼ਾਸਨ ਵਾਲੇ ਪੰਜਾਬ 'ਚ ਦਰਜ ਕੀਤੀਆਂ ਗਈਆਂ | ਪ੍ਰੈਸ ਕਾਨਫ਼ਰੰਸ ਦੌਰਾਨ ਸ. ਸਿਰਸਾ ਨੇ ਪੰਜਾਬ 'ਚ ਪਰਾਲੀ ਸਾੜਨ ਦੇ ਕੁਝ ਵੀਡੀਓ ਮੀਡੀਆ ਨੂੰ ਵਿਖਾਉਂਦੇ ਹੋਏ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਵਲੋਂ ਪੰਜਾਬ 'ਚ ਕਿਸਾਨਾਂ ਕੋਲੋਂ ਜ਼ਬਰਨ ਪਰਾਲੀ ਸੜਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਾਰੀਆਂ ਵੀਡੀਓਜ਼ 'ਚ ਇਕ ਗੱਲ ਸਾਂਝੀ ਹੈ ਕਿ ਪਰਾਲੀ ਸਾੜਨ ਵਾਲਿਆਂ ਦੇ ਮੂੰਹ 'ਤੇ ਕੱਪੜਾ ਬੰਨਿਆ ਹੋਇਆ ਹੈ, ਜਿਸ ਤੋਂ ਸਾਫ਼ ਹੈ ਕਿ ਇਹ ਇਕ ਸਾਜਿਸ਼ ਤਹਿਤ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਦੀਵਾਲੀ ਮਨਾਉਣ ਨੂੰ ਲੈ ਕੇ ਭਾਜਪਾ ਨੂੰ ਕੋਸ ਰਹੇ ਹਨ ਜਦਕਿ ਇਹ ਭਾਜਪਾ ਦਾ ਨਹੀਂ ਬਲਕਿ ਸਨਾਤਨ ਦਾ ਤਿਉਹਾਰ ਹੈ | ਉਨ੍ਹਾਂ ਕਿਹਾ ਕਿ ਉਹ ਕੇਜਰੀਵਾਲ ਨੂੰ ਚਿਤਾਵਨੀ ਦੇਣਾ ਚਾਹੁੰਦੇ ਹਨ ਕਿ ਹਿੰਦੂ ਧਰਮ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ | ਉਨ੍ਹਾਂ ਇਹ ਵੀ ਕਿਹਾ ਕਿ ਪ੍ਰਦੂਸ਼ਣ ਘੱਟ ਕਰਨ ਨੂੰ ਲੈ ਕੇ ਸਰਕਾਰ ਸਾਰੇ ਸਕਾਰਾਤਮਕ ਕਦਮ ਚੁੱਕ ਰਹੀ ਹੈ ਤੇ ਇਨ੍ਹਾਂ ਨੂੰ ਠੀਕ ਕਰਨ 'ਚ ਥੋੜ੍ਹਾ ਸਮਾਂ ਲੱਗੇਗਾ |
ਸਿਰਸਾ ਵਲੋਂ ਪ੍ਰਦੂਸ਼ਣ ਨੂੰ ਲੈ ਕੇ 'ਆਪ' ਤੇ ਹਮਲਾ ਕਿਹਾ, ਪੰਜਾਬ 'ਚ ਕਿਸਾਨਾਂ ਕੋਲੋਂ ਜ਼ਬਰਨ ਸੜਾਈ ਜਾ ਰਹੀ ਹੈ ਪਰਾਲੀ <br/>
ਅਜੀਤ ਡੈਸਕ
22-10-2025