ਕੋਲਕਾਤਾ, 21 ਅਕਤੂਬਰ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲੇ ਦੇ ਬੋਲਪੁਰ 'ਚ ਤਿ੍ਣਮੂਲ ਕਾਂਗਰਸ ਦੇ ਪਾਰਟੀ ਦਫ਼ਤਰ 'ਚ ਕਾਲੀ ਮਾਤਾ ਦੀ ਪੂਜਾ ਮੌਕੇ ਮੂਰਤੀ ਨੂੰ 600 ਤੋਲੇ ਸੋਨੇ ਦੇ ਗਹਿਣੇ ਪਾਏ ਗਏ | ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2020 'ਚ ਮਾਤਾ ਦੀ ਮੂਰਤੀ 'ਤੇ 300 ਤੋਲੇ ਸੋਨਾ ਅਤੇ 2021 'ਚ 570 ਤੋਲੇ ਦੇ ਗਹਿਣੇ ਪਾਏ ਗਏ ਸਨ | ਇਸ ਸਾਲ ਦੁਬਾਰਾ ਕਾਲੀ ਮਾਤਾ ਦੀ ਪੂਜਾ ਨੇ ਮੰਡਲ ਨੂੰ ਦੁਬਾਰਾ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਦਿੱਤਾ | ਜਿਸ ਕਾਰਨ ਈ.ਡੀ. ਦੁਆਰਾ ਬੈਂਕ 'ਚ ਛਾਪੇਮਾਰੀ ਅਤੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ | ਜ਼ਿਕਰਯੋਗ ਹੈ ਕਿ 600 ਤੋਲੇ ਸੋਨੇ ਦੇ ਗਹਿਣੇ 'ਚ ਸੋਨੇ ਦਾ ਮੁੱਕਟ, ਸੀਤਾ ਹਾਰ, ਬਾਜੂਬੰਦ, ਕੰਨ ਦੀਆਂ ਵਾਲੀਆਂ, ਨੱਕ ਦੀ ਨੱਥ, ਹੱਥ ਦਾ ਕੜਾ ਅਤੇ ਮੁੰਦਰੀਆਂ ਸ਼ਾਮਿਲ ਹਨ | ਪੁੱਛੇ ਗਏ 600 ਤੋਲੇ ਸੋਨੇ ਦੇ ਸਵਾਲ ਨੂੰ ਟਾਲਦਿਆਂ ਮੰਡਲ ਨੇ ਕਿਹਾ ਕਿ ਮਾਂ ਆਪਣੇ ਪਾਉਣ ਲਈ ਗਹਿਣੀਆਂ ਦਾ ਬੰਦੋਬਸਤ ਖੁਦ ਕਰ ਲੈਂਦੀ ਹੈ |