ਲੇਹ, 21 ਅਕਤੂਬਰ (ਪੀ.ਟੀ.ਆਈ.)- ਲੱਦਾਖ ਦੇ ਉਪ ਰਾਜਪਾਲ ਕਵਿੰਦਰ ਗੁਪਤਾ ਨੇ ਸੋਮਵਾਰ ਨੂੰ ਫੌਜ ਦੇ ਜਵਾਨਾਂ ਨਾਲ ਦੀਵਾਲੀ ਮਨਾਈ | ਇਸ ਦੌਰਾਨ ਉਨ੍ਹਾਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ 'ਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਹਥਿਆਰਬੰਦ ਸੈਨਾਵਾਂ, ਸਾਬਕਾ ਸੈਨਿਕਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ, ਕੇਂਦਰ ਸਰਕਾਰ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ | ਫਾਇਰ ਐਂਡ ਫਿਊਰੀ ਕੋਰ ਦੁਆਰਾ ਆਯੋਜਿਤ ਸਮਾਗਮ 'ਚ ਤਿਉਹਾਰ ਮਨਾਉਣ ਲਈ ਉਨ੍ਹਾਂ ਨਾਲ ਉਪ ਗਵਰਨਰ , ਜਨਰਲ ਅਫਸਰ ਕਮਾਂਡਿੰਗ, ਕੋਰ ਉਪ ਜਨਰਲ ਹਿਤੇਸ਼ ਭੱਲਾ, ਜਨਰਲ ਅਫਸਰ ਕਮਾਂਡਿੰਗ ਅਤੇ ਸਬ-ਏਰੀਆ ਮੇਜਰ ਜਨਰਲ ਪ੍ਰਵੀਨ ਛਾਬੜਾ ਅਤੇ ਹੋਰ ਅਧਿਕਾਰੀ ਸ਼ਾਮਲ ਹੋਏ | ਲਦਾਖ ਦੇ ਲੋਕਾਂ ਵੱਲੋਂ ਸੈਨਿਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ, ਉਨ੍ਹਾਂ ਦੀ ਬਹਾਦਰੀ, ਸਮਰਪਣ ਅਤੇ ਹਿੰਮਤ ਨੂੰ ਸਲਾਮ ਕੀਤਾ | ਉਨ੍ਹਾਂ ਨੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਦੋਂ ਬਾਕੀ ਲੋਕ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਦੀਵਾਲੀ ਵਰਗੇ ਤਿਉਹਾਰ ਮਨਾਉਣ 'ਚ ਰੁੱਝੇ ਹੋਏ ਹਨ ਉਸ ਸਮੇਂ ਜਵਾਨ, ਆਪਣੇ ਪਰਿਵਾਰਾਂ ਤੋਂ ਦੂਰ, ਦੇਸ਼ ਦੀ ਸੁਰੱਖਿਆ ਕਰਦੇ ਹਨ | ਬਾਅਦ 'ਚ, ਉਪ ਰਾਜਪਾਲ ਨੇ ਸੈਨਿਕਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨਾਲ ਮਠਿਆਈਆਂ ਸਾਂਝੀਆਂ ਕੀਤੀਆਂ ਅਤੇ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ |