25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਤੇ ਮੁਹੰਮਦ ਮੁਸਤਫ਼ਾ 'ਤੇ ਪਰਚਾ ਦਰਜ ਹੋਣ ਤੋਂ ਬਾਅਦ ਮਲੇਰਕੋਟਲਾ ਦੀਆਂ ਸਿਆਸੀ ਸਫ਼ਾਂ ਅੰਦਰ ਛਾਇਆ ਸੰਨਾਟਾ <br/>

ਅਜੀਤ ਡੈਸਕ 22-10-2025

• ਵੱਡੇ ਰਾਜਨੀਤਕ ਆਗੂਆਂ ਨੇ ਚੁੱਪ ਨੂੰ ਦਿੱਤੀ ਤਰਜ਼ੀਹ • ਹਲਕਾ ਪੱਧਰੀ ਕਾਂਗਰਸੀ ਆਗੂਆਂ ਨੇ ਪਰਿਵਾਰ ਦੇ ਹੱਕ 'ਚ ਮਾਰਿਆ ਹਾਅ ਦਾ ਨਾਅਰਾ
ਮਨਜਿੰਦਰ ਸਿੰਘ ਸਰੌਦ

ਮਲੇਰਕੋਟਲਾ, 21 ਅਕਤੂਬਰ-ਬੀਤੇ ਦਿਨੀਂ ਪੰਜਾਬ ਦੇ ਸਾਬਕਾ ਕੈਬਨਿਟ ਵਜ਼ੀਰ ਰਜੀਆ ਸੁਲਤਾਨਾ ਅਤੇ ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਦੇ ਨੌਜਵਾਨ ਪੁੱਤਰ ਆਕਿਲ ਅਖ਼ਤਰ ਦੀ ਹਰਿਆਣਾ ਦੇ ਪੰਚਕੂਲਾ ਵਿਖੇ ਭੇਦਭਰੀ ਹਾਲਤ ਵਿਚ ਹੋਈ ਮੌਤ ਨੇ ਜ਼ਿਲ੍ਹਾ ਮਲੇਰਕੋਟਲਾ ਦੇ ਅਵਾਮ ਨੂੰ ਸੋਚਾਂ ਦੇ ਮੰਝਧਾਰ ਵਿਚ ਧੱਕ ਦਿੱਤਾ ਹੈ | ਰਜ਼ੀਆ ਸੁਲਤਾਨਾ 2017 ਵਿਚ ਮਲੇਰਕੋਟਲਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਜਿੱਤ ਕੇ ਪੰਜਾਬ ਦੇ ਕੈਬਨਿਟ ਵਜ਼ੀਰ ਬਣੇ ਸਨ | ਉਸ ਤੋਂ ਬਾਅਦ ਫਿਰ 2022 ਦੀ ਵਿਧਾਨ ਸਭਾ ਚੋਣ ਮੌਕੇ ਰਜ਼ੀਆ ਸੁਲਤਾਨਾ ਆਮ ਆਦਮੀ ਪਾਰਟੀ ਦੇ ਆਗੂ ਡਾ. ਜਮੀਲ ਉਰ ਰਹਿਮਾਨ ਤੋਂ ਚੋਣ ਹਾਰ ਗਏ ਸਨ | ਰਜ਼ੀਆ ਸੁਲਤਾਨਾ ਦੇ ਪਤੀ ਮੁਹੰਮਦ ਮੁਸਤਫ਼ਾ ਪੰਜਾਬ ਪੁਲਿਸ ਦੇ ਸੇਵਾ ਮੁਕਤ ਡੀ.ਜੀ.ਪੀ. ਹਨ | ਲੰਘੇ ਦਿਨੀਂ ਆਪਣੇ ਹੀ ਪੁੱਤਰ ਦੀ ਮੌਤ ਸੰਬੰਧੀ ਬੀਬਾ ਸੁਲਤਾਨਾ ਅਤੇ ਮੁਹੰਮਦ ਮੁਸਤਫ਼ਾ ਸਣੇ ਪਰਿਵਾਰ 'ਤੇ ਮਾਮਲਾ ਦਰਜ ਹੋ ਚੁੱਕਾ ਹੈ | ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਡੂੰਗੀ ਹੈਰਾਨਗੀ ਦੇ ਨਾਲ ਜ਼ਿਲ੍ਹਾ ਮਲੇਰਕੋਟਲਾ ਦੀਆਂ ਰਾਜਨੀਤਿਕ ਸਫ਼ਾਂ ਦੇ ਅੰਦਰ ਇਕ ਵੱਖਰੀ ਤਰ੍ਹਾਂ ਦੀ ਚੁੱਪ ਦਾ ਛਾਇਆ ਸੰਨਾਟਾ ਕਾਫੀ ਕੁਝ ਬਿਆਨ ਕਰ ਰਿਹਾ ਹੈ | ਆਕਿਲ ਅਖ਼ਤਰ ਵਲੋਂ ਪਿਛਲੇ ਦਿਨੀਂ ਵਾਇਰਲ ਹੋਈ ਇਕ ਵੀਡੀਓ ਰਾਹੀਂ ਆਪਣੇ ਹੀ ਪਰਿਵਾਰ 'ਤੇ ਗੰਭੀਰ ਦੋਸ਼ ਲਗਾਏ ਸਨ | ਫਿਰ ਉਸ ਤੋਂ ਕੁਝ ਦਿਨ ਬਾਅਦ ਵਾਇਰਲ ਹੋਈ ਅਗਲੀ ਵੀਡੀਓ ਵਿਚ ਅਕਿਲ ਅਖ਼ਤਰ ਨੇ ਇਸ ਸਾਰੇ ਮਾਮਲੇ ਨੂੰ ਲੈ ਕੇ ਮੁਆਫ਼ੀ ਵੀ ਮੰਗੀ ਸੀ ਕਿ ਇਹ ਸਭ ਗ਼ਲਤ ਹੈ | ਇਹ ਦੋਵੇਂ ਵੀਡੀਉਜ਼ ਵਾਇਰਲ ਹੋਣ ਤੋਂ ਬਾਅਦ ਭਾਵੇਂ ਲੋਕਾਂ ਵਲੋਂ ਆਪਣੀਆਂ ਵੱਖੋ-ਵੱਖ ਪ੍ਰਤੀ ਕਿਰਿਆਵਾਂ ਜ਼ਰੂਰ ਦਿੱਤੀਆਂ ਗਈਆਂ | ਆਖ਼ਰ ਸੱਚ ਕੀ ਹੈ ਇਹ ਅਜੇ ਜਾਂਚ ਦਾ ਵਿਸ਼ਾ ਹੈ ਅਤੇ ਸਮੇਂ ਤੋਂ ਪਹਿਲਾਂ ਕੁਝ ਵੀ ਕਿਹਾ ਨਹੀਂ ਜਾ ਸਕਦਾ ਪਰ ਹੁਣ ਦਰਜ ਮਾਮਲੇ ਸੰਬੰਧੀ ਜ਼ਿਲ੍ਹਾ ਮਲੇਰਕੋਟਲਾ ਤੋਂ ਇਲਾਵਾ ਪੰਜਾਬ ਦੀ ਕਿਸੇ ਵੀ ਵੱਡੀ ਸਿਆਸੀ ਹਸਤੀ ਨੇ ਕੁਝ ਵੀ ਕਹਿਣਾ ਮੁਨਾਸਬ ਨਹੀਂ ਸਮਝਿਆ | ਇਥੋਂ ਤੱਕ ਕਿ ਪਿਛਲੇ ਲੰਬੇ ਸਮੇਂ ਤੋਂ ਮਲੇਰਕੋਟਲਾ ਹਾਊਸ ਦੇ ਨਾਲ ਖੜ੍ਹੇ ਹੋਣ ਦਾ ਦਮ ਭਰਨ ਵਾਲੇ ਸੂਬਾ ਪੱਧਰੀ ਸਿਆਸੀ ਆਗੂ ਵੀ ਇਸ ਮਾਮਲੇ ਤੋਂ ਬਚਦੇ ਨਜ਼ਰ ਆ ਰਹੇ ਹਨ | ਇਹ ਗੱਲ ਖ਼ਾਸ ਹੈ ਕਿ ਜ਼ਿਲ੍ਹਾ ਮਲੇਰਕੋਟਲਾ ਦੇ ਕਾਂਗਰਸੀ ਸਮਰਥਕਾਂ ਵਲੋਂ ਪਰਿਵਾਰ ਦੇ ਹੱਕ ਵਿਚ ਇਹ ਕਹਿੰਦਿਆਂ ਜ਼ਰੂਰ ਹਾਅ ਨਾਹਰਾ ਮਾਰਿਆ ਗਿਆ ਕਿ ਕਿਸੇ ਦੇ ਨੌਜਵਾਨ ਪੁੱਤ ਦੀ ਮੌਤ 'ਤੇ ਕਿਸੇ ਨੂੰ ਵੀ ਰਾਜਨੀਤੀ ਨਹੀਂ ਕਰਨੀ ਚਾਹੀਦੀ, ਅਜਿਹੀ ਘਟਨਾ ਤਾਂ ਕਿਸੇ ਨਾਲ ਵੀ ਵਾਪਰ ਸਕਦੀ ਹੈ | ਜ਼ਿਲ੍ਹੇ ਦੇ ਮਹਿਜ਼ ਇੱਕਾ-ਦੁੱਕਾ ਦੂਜੀ ਕਤਾਰ ਦੇ ਸਿਆਸੀ ਆਗੂਆਂ ਵਲੋਂ ਮੁਹੰਮਦ ਮੁਸਤਫ਼ਾ ਨੂੰ ਨਿਸ਼ਾਨਾ ਬਣਾ ਕੇ ਬਿਆਨਬਾਜ਼ੀ ਜ਼ਰੂਰ ਕੀਤੀ ਜਾ ਰਹੀ ਹੈ | ਸਾਰੀਆਂ ਹੀ ਸਿਆਸੀ ਧਿਰਾਂ ਦੇ ਵੱਡੇ ਆਗੂ ਇਸ ਦਰਜ ਮਾਮਲੇ 'ਤੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ, ਉਹ ਨਾ ਹੀ ਪਰਿਵਾਰ ਦੇ ਹੱਕ ਵਿਚ ਅਤੇ ਨਾ ਹੀ ਪਰਿਵਾਰ ਦੇ ਖ਼ਿਲਾਫ਼ ਕੁਝ ਬੋਲ ਰਹੇ ਹਨ | ਪੰਥਕ ਹਲਕਿਆਂ ਅੰਦਰੋਂ ਇਸ ਮਾਮਲੇ ਸੰਬੰਧੀ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਅੰਦਰ ਕਾਲੇ ਦੌਰ ਦੌਰਾਨ ਮੁਹੰਮਦ ਮੁਸਤਫ਼ਾ ਦੇ ਖ਼ਿਲਾਫ਼ ਉਨ੍ਹਾਂ ਦੇ ਪਿਛਲੇ ਕਾਰਜਕਾਲ ਨੂੰ ਲੈ ਕੇ ਕੀਤੀ ਜਾ ਰਹੀ ਤਿੱਖੀ ਬਿਆਨਬਾਜ਼ੀ ਚਰਚਾ ਵਿਚ ਹੈ | ਰਾਜਨੀਤਕ ਸੱਥਾਂ ਵਲੋਂ ਇਸ ਮਾਮਲੇ ਨੂੰ ਨਫ਼ੇ ਨੁਕਸਾਨ ਰਾਹੀਂ ਆਉਣ ਵਾਲੀਆਂ ਚੋਣਾਂ ਨਾਲ ਜੋੜ ਕੇ ਜ਼ਰੂਰ ਦੇਖਿਆ ਜਾ ਰਿਹਾ ਹੈ | ਹੁਣ ਇਸ ਬੇਹੱਦ ਅਹਿਮ ਮਾਮਲੇ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਭਾਵੇਂ ਅਗਲੇ ਸਮੇਂ ਨੂੰ ਕਾਫੀ ਕੁੱਝ ਨਿੱਤਰ ਕੇ ਸਾਹਮਣੇ ਆਉਣ ਦੀ ਸੰਭਾਵਨਾ ਜ਼ਰੂਰ ਹੈ ਪਰ ਹਾਲ ਦੀ ਘੜੀ ਮਲੇਰਕੋਟਲਾ ਦੇ ਰਾਜਨੀਤਿਕ ਖੇਤਰ ਅੰਦਰ ਚੁੱਪ ਦਾ ਸੰਨਾਟਾ ਜ਼ਰੂਰ ਪਸਰ ਚੁੱਕਾ ਨਜ਼ਰੀ ਪੈਂਦਾ ਹੈ |

ਪਿਛਲੀ ਖ਼ਬਰ ਸਾਢੇ ਤਿੰਨ ਕਿੱਲੋ ਹੈਰੋਇਨ ਸਮੇਤ ਗਰੋਹ ਦਾ ਮੁੱਖ ਸਰਗਣਾ ਕਾਬੂ <br/> ਅਗਲੀ ਖ਼ਬਰ ਸਮਾਜ 'ਚ ਨਵੇਂ ਤਰ੍ਹਾਂ ਦੇ ਅਪਰਾਧ, ਅੱਤਵਾਦ ਤੇ ਵਿਚਾਰਧਾਰਕ ਯੁੱਧ ਉੱਭਰ ਰਹੇ ਹਨ-ਰਾਜਨਾਥ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।