ਪੁਲਿਸ ਕਰਮੀਆਂ ਦਾ ਦਿ੍ੜ੍ਹ ਸਮਰਪਣ ਦੇਸ਼ ਤੇ ਲੋਕਾਂ ਨੂੰ ਸੁਰੱਖਿਅਤ ਰੱਖਦਾ ਹੈ-ਮੋਦੀ
ਅਜੀਤ ਡੈਸਕ
22-10-2025
ਨਵੀਂ ਦਿੱਲੀ, 21 ਅਕਤੂਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਿਸ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਦਿ੍ੜ ਸਮਰਪਣ ਦੇਸ਼ ਤੇ ਇਸ ਦੇ ਲੋਕਾਂ ਨੂੰ ਸੁਰੱਖਿਅਤ ਰੱਖਦਾ ਹੈ | ਪ੍ਰਧਾਨ ਮੰਤਰੀ ਮੋਦੀ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ ਕਿ ਪੁਲਿਸ ਯਾਦਗਾਰੀ ਦਿਵਸ 'ਤੇ ਅਸੀਂ ਆਪਣੇ ਪੁਲਿਸ ਕਰਮਚਾਰੀਆਂ ਦੇ ਹੌਂਸਲੇ ਨੂੰ ਸਲਾਮ ਕਰਦੇ ਹਾਂ ਤੇ ਡਿਊਟੀ ਦੌਰਾਨ ਉਨ੍ਹਾਂ ਦੁਆਰਾ ਦਿੱਤੀ ਗਈ ਸਰਵਉੱਚ ਕੁਰਬਾਨੀ ਨੂੰ ਯਾਦ ਕਰਦੇ ਹਾਂ | ਉਨ੍ਹਾਂ ਦਾ ਦਿ੍ੜ੍ਹ ਸਮਰਪਣ ਸਾਡੇ ਦੇਸ਼ ਤੇ ਲੋਕਾਂ ਨੂੰ ਸੁਰੱਖਿਅਤ ਰੱਖਦਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਕਟ ਦੇ ਸਮੇਂ ਤੇ ਲੋੜ ਦੇ ਪਲਾਂ 'ਚ ਉਨ੍ਹਾਂ ਦੀ ਬਹਾਦਰੀ ਤੇ ਵਚਨਬੱਧਤਾ ਸ਼ਲਾਘਾਯੋਗ ਹੈ | ਪੁਲਿਸ ਯਾਦਗਾਰੀ ਦਿਵਸ ਹਰ ਸਾਲ 21 ਅਕਤੂਬਰ ਨੂੰ ਮਨਾਇਆ ਜਾਂਦਾ ਹੈ | ਇਸ ਦਿਨ ਨੂੰ ਦੇਸ਼ ਦੇ ਸਾਰੇ ਪੁਲਿਸ ਬਲਾਂ 'ਚ ਸ਼ਹੀਦ ਦਿਵਸ ਵਜੋਂ ਮਨਾਇਆ ਜਾਂਦਾ ਹੈ ਤਾਂ ਜੋ 1959 'ਚ ਚੀਨ ਨਾਲ ਭਾਰਤ ਦੀਆਂ ਸਰਹੱਦਾਂ ਦੀ ਰੱਖਿਆ ਕਰਦੇ ਹੋਏ ਆਪਣੀਆਂ ਜਾਨਾਂ ਵਾਰਨ ਵਾਲੇ 10 ਪੁਲਿਸ ਕਰਮਚਾਰੀਆਂ ਦੀਆਂ ਕੁਰਬਾਨੀਆਂ ਦੀ ਯਾਦ 'ਚ ਮਨਾਇਆ ਜਾ ਸਕੇ |