ਕਿਸ਼ਨਗੜ੍ਹ (ਜਲੰਧਰ), 21 ਅਕਤੂਬਰ (ਹੁਸਨ ਲਾਲ)-ਨਜ਼ਦੀਕੀ ਪਿੰਡ ਸੰਘਵਾਲ ਵਿਖੇ ਦੀਵਾਲੀ ਦੇ ਦਿਨ ਪਰਿਵਾਰ ਦੀਆਂ ਖੁਸ਼ੀਆਂ ਉਸ ਸਮੇਂ ਗਮੀ 'ਚ ਬਦਲ ਗਈਆਂ, ਜਦੋਂ ਇਕ ਨੌਜਵਾਨ ਵਲੋਂ ਆਪਣੇ ਘਰ 'ਚ ਹੀ ਸਿਰ 'ਚ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਖ਼ਬਰ ਹੈ | ਮਿ੍ਤਕ ਦੀ ਪਛਾਣ ਰਣਜੀਤ ਸਿੰਘ ਚਾਹਲ ਪੁੱਤਰ ਸਵਰਗੀ ਚਰਨਜੀਤ ਸਿੰਘ ਚਾਹਲ ਵਾਸੀ ਪਿੰਡ ਸੰਘਵਾਲ ਵਜੋਂ ਹੋਈ ਹੈ | ਮਿ੍ਤਕ ਦੇ ਪਰਿਵਾਰਕ ਮੈਂਬਰ ਬੇਅੰਤ ਸਿੰਘ ਨੇ ਦੱਸਿਆ ਕਿ ਕਰੀਬ 12 ਕੁ ਵਜੇ ਉਸ ਨੂੰ ਰਣਜੀਤ ਸਿੰਘ ਦੇ ਬੇਟੇ ਪਰਮੀਤ ਸਿੰਘ ਨੇ ਫੋਨ 'ਤੇ ਦੱਸਿਆ ਕਿ ਡੈਡੀ ਨੂੰ ਕੋਈ ਗੱਲਬਾਤ ਹੋ ਗਈ ਹੈ, ਜਦ ਉਸ ਨੇ ਆ ਕੇ ਦੇਖਿਆ ਤਾਂ ਰਣਜੀਤ ਸਿੰਘ ਨੇ ਆਪਣੇ ਸਿਰ 'ਚੋਂ ਖ਼ੂਨ ਨਿਕਲ ਰਿਹਾ ਸੀ ਅਤੇ ਉਸ ਦੀ ਗੋਲੀ ਲੱਗਣ ਕਾਰਨ ਮੌਤ ਹੋ ਚੁੱਕੀ ਸੀ | ਸੂਚਨਾ ਮਿਲਣ 'ਤੇ ਥਾਣਾ ਕਰਤਾਰਪੁਰ ਦੇ ਐਸ.ਐਚ.ਓ. ਰਮਨਦੀਪ ਸਿੰਘ ਅਤੇ ਜਾਂਚ ਅਧਿਕਾਰੀ ਏ.ਐਸ.ਆਈ. ਨਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ | ਉਨ੍ਹਾਂ ਮੁਢਲੀ ਜਾਂਚ ਉਪਰੰਤ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਪਿੰਡ ਦੇ ਵਿਅਕਤੀਆਂ ਨੇ ਦੱਸਿਆ ਕਿ ਰਣਜੀਤ ਸਿੰਘ ਦੀ ਪਤਨੀ ਵਿਦੇਸ਼ ਵਿਚ ਰਹਿ ਰਹੀ ਹੈ ਅਤੇ ਉਹ ਵੀ ਕਰੀਬ ਦੋ ਮਹੀਨੇ ਪਹਿਲਾਂ ਆਪਣੀ ਪਤਨੀ ਕੋਲੋਂ ਹੋ ਕੇ ਆਇਆ ਸੀ ਤੇ ਆਪਣੇ ਦੋ ਬੱਚੇ ਬੇਟੀ ਅਤੇ ਬੇਟੇ ਨਾਲ ਬਹੁਤ ਹੀ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਸੀ |
ਪਿੰਡ ਸੰਘਵਾਲ 'ਚ ਨੌਜਵਾਨ ਵਲੋਂ ਗੋਲੀ ਮਾਰ ਕੇ ਜੀਵਨ ਲੀਲ੍ਹਾ ਸਮਾਪਤ
ਅਜੀਤ ਡੈਸਕ
22-10-2025