ਜਲੰਧਰ ਛਾਉਣੀ, 21 ਅਕਤੂਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਅਧੀਨ ਆਉਂਦੀ ਰਾਮਾ ਮੰਡੀ ਮਾਰਕੀਟ 'ਚ ਦੀਵਾਲੀ ਦੀ ਰਾਤ ਕਰੀਬ 11 ਵਜੇ ਇਕ ਬਰਗਰ ਦੀ ਰੇਹੜੀ 'ਤੇ ਬਰਗਰ ਖਾ ਰਹੇ ਦੋ ਧਿਰਾਂ 'ਚ ਹੋਏ ਮਾਮੂਲੀ ਵਿਵਾਦ ਦੌਰਾਨ ਦੂਜੀ ਧਿਰ ਦੇ ਨੌਜਵਾਨਾਂ 'ਚੋਂ ਇਕ ਨੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ, ਜਿਸ ਤੋਂ ਕੁਝ ਦੇਰ ਬਾਅਦ ਹੀ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਾਣਕਾਰੀ ਦਿੰਦੇ ਹੋਏ ਰਾਜਨ ਪੁੱਤਰ ਦਰਸ਼ਨ ਲਾਲ ਵਾਸੀ ਕ੍ਰਿਸ਼ਨਾ ਸਵੀਟਸ ਵਾਲੀ ਗਲੀ ਰਾਮਾ ਮੰਡੀ ਨੇ ਦੱਸਿਆ ਕਿ ਉਹ ਅਤੇ ਉਸ ਦੇ ਤਿੰਨ ਹੋਰ ਸਾਥੀ ਆਤਿਸ਼ ਪੁੱਤਰ ਮੰਗਰ ਵਾਸੀ ਕ੍ਰਿਸ਼ਨਾ ਸਵੀਟਸ ਵਾਲੀ ਗਲੀ, ਅਨੀਕੇਤ ਵਾਸੀ ਭੂਰ ਮੰਡੀ ਅਤੇ ਸੁਮਿਤ ਪੁੱਤਰ ਨਰਾਇਣ ਰਾਏ ਵਾਸੀ ਰਣਜੀਤ ਸਿੰਘ ਇਨਕਲੇਵ ਦੀਪ ਨਗਰ ਜਲੰਧਰ ਕਰੀਬ 11 ਵਜੇ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਖੜ੍ਹੀ ਬਰਗਰ ਦੀ ਰੇਹੜੀ 'ਤੇ ਬਰਗਰ ਖਾ ਰਹੇ ਸੀ | ਇਸ ਦੌਰਾਨ ਅਭੀ ਬੰਗੜ ਵਾਲੀ ਚੁਗਿੱਟੀ ਜਲੰਧਰ ਅਤੇ ਤੁਸ਼ਾਰ ਵਾਸੀ ਪਿੰਡ ਨੰਗਲ ਸ਼ਾਮਾ ਜਲੰਧਰ ਆਪਣੇ ਕਰੀਬ ਅੱਧੀ ਦਰਜਨ ਤੋਂ ਵੱਧ ਦੋਸਤਾਂ ਨਾਲ ਉਕਤ ਰੇਹੜੀ 'ਤੇ ਪਹੁੰਚ ਗਏ | ਉਕਤ ਲੋਕਾਂ ਦੀ ਮੇਰੇ ਦੋਸਤ ਸੁਮਿਤ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਣ ਲੱਗ ਪਈ, ਜਿਸ ਤੋਂ ਬਾਅਦ ਅਭੀ ਬੰਗੜ ਤੇ ਤੁਸ਼ਾਰ ਸਮੇਤ ਬਾਕੀ ਹਮਲਾਵਰਾਂ ਨੇ ਸੁਮਿਤ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ, ਜਿਸ ਦਾ ਸੁਮਿਤ ਵਲੋਂ ਵਿਰੋਧ ਕੀਤਾ ਗਿਆ ਤਾਂ ਅਭੀ ਬੰਗੜ ਨੇ ਆਪਣੇ ਡੱਬ 'ਚ ਪਾਈ ਹੋਈ ਪਿਸਤੌਲ ਕੱਢ ਕੇ ਮੇਰੇ ਦੋਸਤ ਸੁਮਿਤ ਦੇ ਗੋਲੀ ਮਾਰ ਦਿੱਤੀ, ਜੋ ਕਿ ਸੁਮਿਤ ਦੀ ਛਾਤੀ ਤੋਂ ਉੱਪਰਲੇ ਹਿੱਸੇ ਗਰਦਨ ਦੇ ਨੇੜੇ ਲੱਗੀ | ਇਸ ਦੌਰਾਨ ਸੁਮਿਤ ਆਪਣੀ ਜਾਨ ਬਚਾਉਣ ਲਈ ਕ੍ਰਿਸ਼ਨਾ ਸਵੀਟਸ ਵਾਲੀ ਗਲੀ 'ਚ ਭੱਜਾ ਤਾਂ ਅਭੀ ਬੰਗੜ ਨੇ 2-3 ਹੋਰ ਗੋਲੀਆਂ ਚਲਾ ਦਿੱਤੀਆਂ | ਸੁਮਿਤ ਗਲੀ 'ਚ ਕੁਝ ਦੂਰੀ 'ਤੇ ਜਾ ਕੇ ਡਿੱਗ ਗਿਆ | ਇਸ ਦੌਰਾਨ ਗੰਭੀਰ ਹਾਲਤ 'ਚ ਸੁਮਿਤ ਨੂੰ ਰਾਮਾ ਮੰਡੀ 'ਚ ਸਥਿਤ ਜੌਹਲ ਹਸਪਤਾਲ 'ਚ ਇਲਾਜ ਲਈ ਲਿਜਾਇਆ ਗਿਆ, ਜਿਥੇ ਡਾਕਟਰਾਂ ਵਲੋਂ ਉਸ ਨੂੰ ਮਿ੍ਥਕ ਕਰਾਰ ਦੇ ਦਿੱਤਾ ਗਿਆ | ਥਾਣਾ ਰਾਮਾ ਮੰਡੀ ਦੇ ਮੁਖੀ ਮਨਜਿੰਦਰ ਸਿੰਘ ਨੇ ਕਿਹਾ ਕਿ ਫ਼ਰਾਰ ਦੋਸ਼ੀਆਂ ਦੀ ਭਾਲ ਲਈ ਵੱਖ-ਵੱਖ ਟੀਮਾਂ ਵਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਦੋਸ਼ੀ ਅਭੀ ਬੰਗੜ 'ਤੇ ਪਹਿਲਾਂ ਵੀ ਲੜਾਈ-ਝਗੜੇ ਅਤੇ ਹੋਰ ਕਈ ਧਾਰਾਵਾਂ ਤਹਿਤ ਮਾਮਲੇ ਦਰਜ ਹਨ |
ਜਲੰਧਰ 'ਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
ਅਜੀਤ ਡੈਸਕ
22-10-2025