ਫ਼ਰੀਦਕੋਟ, 9 ਦਸੰਬਰ (ਜਸਵੰਤ ਸਿੰਘ ਪੁਰਬਾ)-ਸੰਜੀਵ ਜੋਸ਼ੀ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਰੀਦਕੋਟ ਦੀ ਰਹਿਨੁਮਾਈ ਹੇਠ ਯੂਥ ਅਗੇਨਸਟ ਡਰੱਗ ਨਾਮ ਦੀ ਕੰਪੇਨ ਤਹਿਤ ਇਸ ਕੰਪੇਨ ਦੇ ਆਗਾਜ਼ ਵਿਚ ਇਕ ਜਾਗਰੂਕਤਾ ਰੈਲੀ ਕੱਢੀ ਗਈ, ਜਿਸ 'ਚ ਇਸ ਦਫਤਰ ਵਲੋਂ ਸੀ.ਜੇ.ਐੱਮ. ਜੱਜ ਸਾਹਿਬ ਦੇ ਨਾਲ-ਨਾਲ ਪੈਨਲ ਵਕੀਲ, ਲੀਗਲ ਏਡ ਡਿਫੈਂਸ ਕੌਂਸਲ, ਦਫ਼ਤਰੀ ਸਟਾਫ਼ ਤੇ ਪੈਰਾ ਲੀਗਲ ਵਲੰਟੀਅਰਜ਼ ਸ਼ਾਮਿਲ ਹੋਏ | ਇਹ ਰੈਲੀ ਜ਼ਿਲ੍ਹਾ ਕਚਹਿਰੀਆਂ ਫ਼ਰੀਦਕੋਟ ਤੋਂ ਲੈ ਕੇ ਸਿਵਲ ਹਸਪਤਾਲ ਮਿਊਾਸੀਪਲ ਕਮੇਟੀ ਦੇ ਦਫ਼ਤਰ ਸੰਗਤ ਸਾਹਿਬ ਭਾਈ ਫੇਰੂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਤੋਂ ਥਾਣਾ ਸਿਟੀ ਫ਼ਰੀਦਕੋਟ ਦਾ ਦੌਰਾ ਕਰਦੇ ਹੋਏ ਵਾਪਸ ਜ਼ਿਲ੍ਹਾ ਕਚਹਿਰੀਆਂ ਫ਼ਰੀਦਕੋਟ ਵਿਖੇ ਸਮਾਪਤ ਕੀਤੀ ਗਈ | ਇਸ ਕੰਪੇਨ ਨੂੰ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸਾਹਿਬ ਸੰਜੀਵ ਜੋਸ਼ੀ ਦੇ ਹੁਕਮਾਂ ਅਨੁਸਾਰ ਮਿਸ ਸ਼ੈਂਪੀ ਚੌਧਰੀ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਵਲੋਂ ਹਰੀ ਝੰਡੀ ਦਿੱਤੀ ਗਈ | ਕੰਪੇਨ ਵਿਚ ਯੂਥ ਅਗੇਂਸਟ ਡਰੱਗ ਦੇ ਨਾਅਰੇ ਨੂੰ ਦਰਸਾਉਂਦੀਆਂ ਚਿੱਟੀਆਂ ਟੋਪੀਆਂ ਵੀ ਜੱਜ ਸਾਹਿਬ ਸਮੇਤ ਵਕੀਲ ਸਾਹਿਬਾਨਾਂ ਤੇ ਪੈਰਾ ਲੀਗਲ ਵਲੰਟੀਅਰਜ਼ ਨੂੰ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਰੀਦਕੋਟ ਵਲੋਂ ਪਹਿਨਾਈਆਂ ਗਈਆਂ ਤੇ ਨਸ਼ਿਆਂ ਨੂੰ ਰੋਕਣ ਦੇ ਸਬੰਧ ਵਿਚ ਨਾਅਰੇਬਾਜ਼ੀ ਵੀ ਕੀਤੀ ਗਈ | ਅੰਤ 'ਚ ਜੱਜ ਸਾਹਿਬ ਨੇ ਇਸ ਰੈਲੀ ਵਿਚ ਮੌਜੂਦ ਸਾਰੇ ਵਕੀਲ ਸਾਹਿਬਾਨਾਂ, ਦਫ਼ਤਰੀ ਸਟਾਫ਼ ਤੇ ਪੈਰਾ ਲੀਗਲ ਵਲੰਟੀਅਰਜ਼ ਤੋਂ ਨਸ਼ਾ ਨਾ ਕਰਨ ਦਾ ਪ੍ਰਣ ਵੀ ਲਿਆ |