ਕੋਟਕਪੂਰਾ, 9 ਦਸੰਬਰ (ਮੋਹਰ ਸਿੰਘ ਗਿੱਲ)-ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਵਲੋਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਰਾਸ਼ਟਰ ਪੱਧਰੀ 'ਨੈਸ਼ਨਲ ਫ਼ੈਪ ਐਵਾਰਡ 2025' 'ਚ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਨੂੰ ਪੂਰੇ ਭਾਰਤ ਦੇਸ਼ 'ਚ ਚੁਣੇ ਗਏ ਸਰਬੋਤਮ ਸਕੂਲਾਂ ਦੀ ਸ਼੍ਰੇਣੀ ਵਿਚ ਸ਼ਾਮਿਲ ਕੀਤਾ ਗਿਆ | ਇਹ ਚੋਣ ਸਕੂਲ ਦੇ ਬੋਰਡ ਕਲਾਸਾਂ ਦੇ ਨਤੀਜੇ 'ਤੇ ਹੋਰ ਅਕਾਦਮਿਕ ਪ੍ਰਾਪਤੀਆਂ ਨੂੰ ਆਧਾਰ ਬਣਾ ਕੇ ਕੀਤੀ ਗਈ | ਇਸ ਸੰਸਥਾ ਨੇ ਸਾਲ 2024-25 ਦੀ ਅਕਾਦਮਿਕ ਨਤੀਜਿਆਂ 'ਚ ਵਧੀਆ ਕਾਰਗੁਜ਼ਾਰੀ ਕਰਨ ਕਰਕੇ ਭਾਰਤ ਭਰ 'ਚੋਂ ਤੀਜਾ ਸਥਾਨ ਹਾਸਿਲ ਕੀਤਾ | ਇਸ ਐਵਾਰਡ ਸਮਾਗਮ 'ਚ ਮੁੱਖ ਮਹਿਮਾਨ ਹਰਿਆਣਾ ਦੇ ਮਾਨਯੋਗ ਗਵਰਨਰ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਸ਼ਿਰਕਤ ਕੀਤੀ | ਮੰਚ 'ਤੇ ਫ਼ੈਪ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਬਿਰਾਜਮਾਨ ਸਨ | ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਸਰਵੋਤਮ ਸਕੂਲ ਹੋਣ ਦਾ ਐਵਾਰਡ ਸਕੂਲ ਦੇ ਪ੍ਰਬੰਧਕ ਨਵਪ੍ਰੀਤ ਸ਼ਰਮਾ ਵਲੋਂ ਪ੍ਰਾਪਤ ਕੀਤਾ | ਸੈਸ਼ਨ 2024-25 ਲਈ ਦਸਵੀਂ ਜਮਾਤ ਦੇ 4 ਵਿਦਿਆਰਥੀਆਂ ਤੇ 12ਵੀਂ ਜਮਾਤ ਦੇ ਚਾਰ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ 97 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਸਨ, ਨੂੰ ਬੈਸਟ ਸਟੂਡੈਂਟ ਐਵਾਰਡ ਦਿੱਤੇ ਗਏ | ਸਕੂਲ ਦੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਦੋ ਵਿਦਿਆਰਥੀਆਂ ਨੇ ਨੈਸ਼ਨਲ ਪੱਧਰ 'ਤੇ ਹੋਈਆਂ ਖੇਡਾਂ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਸੀ | ਇਨ੍ਹਾਂ ਵਿਦਿਆਰਥੀਆਂ ਨੂੰ ਵੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਨੈਸ਼ਨਲ ਐਵਾਰਡ ਪ੍ਰਾਪਤ ਕਰਨਾ ਫ਼ਰੀਦਕੋਟ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ |