ਫ਼ਰੀਦਕੋਟ, 8 ਦਸੰਬਰ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਲੋਂ ਹਥਿਆਰਬੰਦ ਸੈਨਾ ਝੰਡਾ ਦਿਵਸ 2025 ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੂੰ ਲੈਪਲ ਬੈਜ ਲਗਾ ਕੇ ਕੀਤੀ ਗਈ | ਉਨ੍ਹਾਂ ਵਲੋਂ ਸ਼ਹੀਦਾਂ ਨੂੰ ਸਮਰਪਿਤ ਟੇਬਲ ਕੈਲੰਡਰ ਵੀ ਜਾਰੀ ਕੀਤਾ ਗਿਆ | ਡਿਪਟੀ ਕਮਿਸ਼ਨਰ ਵਲੋਂ ਆਪਣੀ ਤਰਫੋਂ ਝੰਡਾ ਦਿਵਸ ਫੰਡ 'ਚ ਵਿੱਤੀ ਯੋਗਦਾਨ ਵੀ ਦਿੱਤਾ | ਡਿਪਟੀ ਕਮਿਸ਼ਨਰ ਨੇ ਝੰਡਾ ਦਿਵਸ ਫੰਡ ਦੀ ਮਹੱਤਤਾ ਬਾਰੇ ਦੱਸਿਆ ਤੇ ਸਾਰਿਆਂ ਨੂੰ ਇਸ ਆਦਰਸ਼ ਮੰਤਵ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ 11 ਲੋੜਵੰਦ ਨਾਨ ਪੈਨਸ਼ਨਰ ਲਾਭਪਾਤਰਾਂ ਨੂੰ 55 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਵੀ ਡਿਪਟੀ ਕਮਿਸ਼ਨਰ ਫ਼ਰੀਦਕੋਟ ਵਲੋਂ ਸੈਨਾ ਝੰਡਾ ਦਿਵਸ ਫੰਡ ਵਿਚੋਂ ਦਿੱਤੀ ਗਈ | ਇਸ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀਆਂ, ਕਰਮਚਾਰੀਆਂ ਦੇ ਲੈਪਲ ਬੈਜ, ਟੋਕਨ ਫਲੈਗ ਲਗਾਏ ਗਏ ਤੇ ਚੰਦਾ ਇਕੱਤਰ ਕੀਤਾ ਗਿਆ | ਉਪਰੰਤ ਸੈਨਿਕ ਸਦਨ ਫ਼ਰੀਦਕੋਟ ਵਿਖੇ ਸਾਬਕਾ ਸੈਨਿਕਾਂ, ਆਸ਼ਰਿਤਾਂ ਨੂੰ ਇਕੱਤਰ ਕਰਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਪੀ.ਏ.ਟੂ ਡਿਪਟੀ ਕਮਿਸ਼ਨਰ ਗੁਰਨਾਮ ਸਿੰਘ, ਮਨਦੀਪ ਕੌਰ ਸੀਨੀਅਰ ਸਹਾਇਕ ਤੋਂ ਇਲਾਵਾ ਸਮੂਹ ਦਫ਼ਤਰੀ ਕਰਮਚਾਰੀ ਹਾਜ਼ਰ ਸਨ |