ਪਟਿਆਲਾ, 9 ਦਸੰਬਰ (ਅ.ਸ. ਆਹਲੂਵਾਲੀਆ)-ਮੇਅਰ ਕੁੰਦਨ ਗੋਗੀਆ ਵਲੋਂ ਹੈਲਥ ਸ਼ਾਖਾ ਦੇ ਮੁਖੀ ਅਤੇ ਅਧਿਕਾਰੀਆਂ ਨਾਲ ਇਕ ਬੈਠਕ ਕਰ ਕੇ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਨਾਲ-ਨਾਲ ਕਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਗਈ | ਇਸ ਤੋਂ ਪਹਿਲਾਂ ਸਫ਼ਾਈ ਸੇਵਕਾਂ ਦੀ ਹਾਜ਼ਰੀ ਤੇ ਮੌਜੂਦਗੀ ਨੂੰ ਵਿਅਕਤੀਗਤ ਤੌਰ 'ਤੇ ਚੈੱਕ ਕੀਤਾ ਗਿਆ | ਮੀਟਿੰਗ 'ਚ ਮੇਅਰ ਨੇ ਸਫ਼ਾਈ ਸੇਵਕਾਂ ਨੂੰ ਹਦਾਇਤ ਦਿੱਤੀ ਕਿ ਉਹ ਇਮਾਨਦਾਰੀ, ਨਿਸ਼ਠਾ ਅਤੇ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰਦੇ ਹੋਏ ਸ਼ਹਿਰ ਦੀ ਸਫ਼ਾਈ ਨੂੰ ਸਭ ਤੋਂ ਪਹਿਲਾ ਧਿਆਨ 'ਚ ਰਖਣ | ਸ਼ਹਿਰ 'ਚੋਂ ਜ਼ਿਆਦਾ ਤੋਂ ਜ਼ਿਆਦਾ ਕੂੜਾ ਇਕੱਠਾ ਕਰਕੇ ਸਿੱਧਾ ਡੰਪਿੰਗ ਸਾਈਟ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਅਤੇ ਇਸ ਨੂੰ ਕਿਸੇ ਵੀ ਸੈਕੰਡਰੀ ਪੁਆਇੰਟ 'ਤੇ ਢੇਰ ਨਾ ਲਗਾਉਣ | ਇਹ ਕਦਮ ਸ਼ਹਿਰ 'ਚ ਬੇਤਰਤੀਬ ਕੂੜਾ ਇਕੱਤਰ ਹੋਣ ਦੀ ਸਮੱਸਿਆ ਨੂੰ ਘੱਟ ਕਰਨ 'ਚ ਮਦਦਗਾਰ ਸਾਬਤ ਹੋਵੇਗਾ | ਮੀਟਿੰਗ ਦੌਰਾਨ ਸੈਂਨਟਰੀ ਇੰਸ. ਮੋਹਿਤ ਜਿੰਦਲ, ਇੰਦਰਜੀਤ ਸਿੰਘ, ਜਗਤਾਰ ਸਿੰਘ ਅਤੇ ਹਰਵਿੰਦਰ ਸਿੰਘ ਵੀ ਮੌਜੂਦ ਰਹੇ |