ਪਾਤੜਾਂ, 8 ਦਸੰਬਰ (ਗੁਰਇਕਬਾਲ ਸਿੰਘ ਖ਼ਾਲਸਾ)-ਬਲਾਕ ਸੰਮਤੀ ਪਾਤੜਾਂ ਦੇ ਕਲਬਾਣੂ ਜ਼ੋਨ ਤੋਂ ਉਮੀਦਵਾਰ ਲਖਵਿੰਦਰ ਸਿੰਘ ਵਲੋਂ ਆਪਣੇ ਜ਼ੋਨ 'ਚ ਚੋਣ ਪ੍ਰਚਾਰ ਤੇਜ਼ ਕਰਦਿਆਂ ਪਿੰਡਾਂ ਅੰਦਰ ਵੱਖ-ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਪਿਛਲੀ ਅਕਾਲੀ ਸਰਕਾਰ ਦੌਰਾਨ ਪਿੰਡਾਂ ਅੰਦਰ ਹੋਏ ਵਿਕਾਸ ਨੂੰ ਦੇਖਦਿਆ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ | ਬਲਾਕ ਸੰਮਤੀ ਦੇ ਕਲਮਾਣੂ ਜ਼ੋਨ ਦੇ ਵੱਖ-ਵੱਖ ਪਿੰਡਾਂ ਅੰਦਰ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰ ਰਹੇ ਲਖਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਲੋਕਾਂ ਨੂੰ ਪਿਛਲੀ ਅਕਾਲੀ ਸਰਕਾਰ ਵਲੋਂ ਕੀਤੇ ਗਏ ਕੰਮਾਂ ਤੋਂ ਜਾਣੂ ਕਰਵਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਪਿੰਡਾਂ ਨੂੰ ਵੱਡੀਆਂ ਸਹੂਲਤਾਂ ਦੇ ਕੇ ਸ਼ਹਿਰਾਂ ਦੇ ਬਰਾਬਰ ਬਣਾਇਆ ਗਿਆ ਸੀ, ਪਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਪਿੰਡਾਂ ਦੀ ਹਾਲਤ ਨੂੰ ਸੁਧਾਰਨ ਵੱਲ ਕੋਈ ਧਿਆਨ ਨਹੀਂ ਦਿੱਤਾ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਦੁਬਾਰਾ ਫਿਰ ਤਰੱਕੀ ਦੀਆਂ ਲੀਹਾਂ 'ਤੇ ਤੋਰਨ ਲਈ ਲਈ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਅਕਾਲੀ ਉਮੀਦਵਾਰਾਂ ਨੂੰ ਜਿਤਾ ਕੇ ਭੇਜੋ ਤਾਂ ਜੋ ਪੰਜਾਬ ਦੇ ਪਿੰਡਾਂ ਨੂੰ ਦੁਬਾਰਾ ਫਿਰ ਤਰੱਕੀ ਦੀਆਂ ਲੀਹਾਂ 'ਤੇ ਤੋਰਿਆ ਜਾ ਸਕੇ | ਇਸ ਮੌਕੇ ਸੁਖਜੀਤ ਸਿੰਘ ਬਕਰਾਹਾ ਸਰਕਲ ਪ੍ਰਧਾਨ, ਗੁਰਭੇਜ ਸਿੰਘ ਬਕਰਾਹਾ, ਗੁਰਦੀਪ ਸਿੰਘ ਸਰਪੰਚ, ਭੁਪਿੰਦਰ ਸਿੰਘ ਸੰਧੂ, ਗੁਰਵਿੰਦਰ ਸਿੰਘ ਵਿਰਕ, ਗੁਰਮੇਲ ਸਿੰਘ ਵਿਰਕ, ਜੱਜ ਸਿੰਘ ਮੱਲ, ਜੀਤ ਸਿੰਘ ਕੁਲਵਾਣੂ, ਕੁਲਦੀਪ ਸਿੰਘ ਢਿੱਲੋਂ, ਲੱਖਾ ਸਿੰਘ ਕਲਵਾਣੂ, ਨਾਹਰ ਸਿੰਘ ਕਲਵਾਣੂ, ਮਾ. ਜੋਰਾ ਸਿੰਘ, ਬੁੱਧ ਸਿੰਘ ਕਲਵਾਣੂ, ਸੁਰਜੀਤ ਸਿੰਘ ਵਿਰਕ, ਦਵਿੰਦਰਪਾਲ ਸਿੰਘ ਵਿਰਕ ਤੇ ਹੋਰ ਹਾਜ਼ਰ ਸਨ |