19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਜ਼ਿਲ੍ਹੇ 'ਚ ਸਾਲ-2025 ਦੌਰਾਨ ਸੜਕ ਹਾਦਸਿਆਂ 'ਚ 370 ਤੋਂ ਵੱਧ ਵਿਅਕਤੀਆਂ ਨੇ ਗੁਆਈ ਜਾਨ

ਅਜੀਤ ਡੈਸਕ 09-12-2025
ਪਟਿਆਲਾ, 8 ਦਸੰਬਰ (ਮਨਦੀਪ ਸਿੰਘ ਖਰੌੜ)-ਸੂਬਾ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਵਲੋਂ ਸੜਕ ਹਾਦਸਿਆਂ ਨੂੰ ਘਟਾਉਣ ਲਈ ਵੱਡੇ-ਵੱਡੇ ਦਾਅਵੇ ਕਰਨ ਦੇ ਨਾਲ-ਨਾਲ ਜ਼ਮੀਨੀ ਪੱਧਰ 'ਤੇ ਕੰਮ ਕਰਨ ਸੰਬੰਧੀ ਅਕਸਰ ਦਸਿਆ ਜਾਂਦਾ ਹੈ, ਪਰ ਇਨ੍ਹਾਂ ਦਾਅਵਿਆਂ ਦੇ ਬਾਵਜੂਦ ਵੀ 50 ਦੇ ਕਰੀਬ ਸੜਕ ਹਾਦਸੇ ਸਿਹਤ ਮੰਤਰੀ ਦੇ ਜ਼ਿਲ੍ਹੇ 'ਚ ਹਰ ਮਹੀਨੇ ਵਾਪਰਨ ਦੇ ਨਾਲ-ਨਾਲ 33 ਤੋਂ ਵਧ ਵਿਅਕਤੀਆਂ ਦੀ ਇਨ੍ਹਾਂ ਹਾਦਸਿਆਂ 'ਚ ਮੌਤ ਹੋ ਜਾਂਦੀ ਹੈ | 'ਅਜੀਤ' ਦੀ ਟੀਮ ਵਲੋਂ ਕ੍ਰਾਈਮ ਰਿਪੋਰਟ ਦੇ ਆਧਾਰ 'ਤੇ ਇਕੱਤਰ ਕੀਤੇ ਗਏ ਅੰਕੜਿਆਂ ਅਨੁਸਾਰ ਜ਼ਿਲ੍ਹੇ 'ਚ 1 ਜਨਵਰੀ 2025 ਤੋਂ 30 ਨਵੰਬਰ ਤੱਕ 530 ਤੋਂ ਵੱਧ ਸੜਕ ਹਾਦਸੇ ਹੋਏ ਹਨ, ਜਿਨ੍ਹਾਂ 'ਚ 370 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਤੇ 360 ਜ਼ਖ਼ਮੀ ਹੋਏ ਸੀ | ਇਨ੍ਹਾਂ ਸੜਕ ਹਾਦਸਿਆਂ ਤੋਂ ਪਤਾ ਲੱਗਦਾ ਹੈ ਕਿ ਪਟਿਆਲਾ ਜ਼ਿਲ੍ਹੇ 'ਚ ਸੜਕਾਂ 'ਤੇ ਲਗਪਗ ਹਰ ਰੋਜ਼ ਇਕ ਵਿਅਕਤੀ ਆਪਣੀ ਜਾਨ ਗੁਆ ਰਿਹਾ ਹੈ | ਇਸ ਦੇ ਪਿੱਛੇ ਸੜਕ ਸੁਰੱਖਿਆ ਮਾਹਿਰ ਕਈ ਕਾਰਨ ਮੰਨਦੇ ਹਨ ਜਿਨ੍ਹਾਂ 'ਚ ਇਕ ਤਾਂ ਤੇਜ਼ੀ ਨਾਲ ਵਾਹਨ ਚਲਾਉਣਾ ਅਤੇ ਬਿਨਾਂ ਆਲੇ ਦੁਆਲੇ ਦੇਖੇ ਿਲੰਕ ਸੜਕ ਤੋਂ ਮੇਨ ਸੜਕ 'ਤੇ ਚੜ੍ਹਨ ਦੌਰਾਨ ਜ਼ਿਆਦਾਤਰ ਹਾਦਸੇ ਵਾਪਰਦੇ ਹਨ | ਇਸ ਤੋਂ ਇਲਾਵਾ ਸੂਬੇ 'ਚ ਸ਼ਰਾਬ ਜਾਂ ਫੇਰ ਹੋਰ ਨਸ਼ਿਆਂ ਦਾ ਸੇਵਨ ਕਰ ਕੇ ਵਾਹਨ ਚਲਾਉਣ ਵਾਲੇ ਵਿਅਕਤੀਆਂ ਕਾਰਨ ਸੜਕ ਹਾਦਸੇ ਵਧਦੇ ਜਾ ਰਹੇ ਹਨ | ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਤਾਂ ਮਿਲ ਗਏ ਹਨ, ਪਰ ਉਨ੍ਹਾਂ ਨੂੰ ਵਾਹਨ ਚਲਾਉਣ ਅਤੇ ਟਰੈਫ਼ਿਕ ਦੇ ਸਾਰੇ ਨਿਯਮਾਂ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਹੈ | ਜਿਵੇਂ ਕਿ ਅਸੀਂ ਅਕਸਰ ਸੜਕਾਂ 'ਤੇ ਦੇਖਦੇ ਹਾਂ ਕਿ ਦੂਜੇ ਵਾਹਨ ਤੋਂ ਗੱਡੀ ਪਾਰ ਕਰਨੀ ਹੁੰਦੀ ਹੈ ਤਾਂ ਲੋਕੀਂ ਸਿੰਗਲ ਸੜਕਾਂ 'ਤੇ ਵੀ ਖੱਬੇ ਪਾਸੇ ਨੂੰ ਵਾਹਨ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਕਾਰਨ ਹਾਦਸੇ ਵਾਪਰਦੇ ਹਨ | ਇਸ ਤੋਂ ਇਲਾਵਾ ਸੜਕ ਪਾਰ ਕਰਨ ਵਾਲੇ ਜਾਂ ਸੜਕ ਕਿਨਾਰੇ ਪੈਦਲ ਚਲਣ ਵਾਲੇ ਵਿਅਕਤੀ ਵੀ ਅਣਗਹਿਲੀ ਕਰਦੇ ਹੋਏ ਮੇਨ ਸੜਕ 'ਤੇ ਸੈਰ ਕਰਦੇ ਹਨ ਜਿਹੜਾ ਕਿ ਖ਼ਤਰੇ ਤੋਂ ਖਾਲੀ ਨਹੀਂ ਹੈ ਕਿਉਂਕਿ ਸਰਦੀ ਦੇ ਦਿਨਾਂ 'ਚ ਧੁੰਦਾਂ ਪੈਣ ਕਾਰਨ ਦੂਰ ਤਕ ਦੇਖਣ ਦੀ ਸਮਰਥਾ ਕਾਫ਼ੀ ਘੱਟ ਜਾਂਦੀ ਹੈ ਜਿਸ ਕਾਰਨ ਅਜਿਹੇ ਵਿਅਕਤੀ ਕਿਸੇ ਵਾਹਨ ਦੀ ਲਪੇਟ 'ਚ ਆ ਜਾਂਦੇ ਹਨ | ਇਸੇ ਤਰ੍ਹਾਂ ਸੜਕਾਂ 'ਤੇ ਮੋਟਰਸਾਈਕਲਾਂ ਦੇ ਗਰੁੱਪ ਬਣਾ ਕੇ ਚੱਲਣ ਵਾਲਿਆਂ ਨੂੰ ਵੀ ਟਰੈਫ਼ਿਕ ਨਿਯਮਾਂ ਅਨੁਸਾਰ ਹੀ ਚੱਲਣਾ ਚਾਹੀਦਾ ਹੈ | ਜ਼ਿਲ੍ਹੇ 'ਚ ਛੋਟੇ ਜਾਂ ਵੱਡੇ ਵਪਾਰਕ ਵਾਹਨ ਚਲਾਉਣ ਵਾਲੇ ਵੀ ਟਰੈਫ਼ਿਕ ਨਿਯਮਾਂ ਅਨੁਸਾਰ ਨਹੀਂ ਚੱਲਦੇ, ਜਿਸ ਕਾਰਨ ਵੀ ਹਾਦਸੇ ਵਾਪਰਦੇ ਹਨ | ਸੜਕ ਹਾਦਸਿਆਂ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਕਾਰ ਚਲਾਉਣ ਵੇਲੇ ਜ਼ਿਆਦਾਤਰ ਵਿਅਕਤੀ ਸੀਟ ਬੈਲਟ ਦੀ ਵਰਤੋਂ ਨਹੀਂ ਕਰਦੇ ਅਤੇ ਦੋਪਹੀਆ ਵਾਹਨ ਬਿਨਾਂ ਹੈਲਮਟ ਤੋਂ ਜਾਂ ਫੇਰ ਚੰਗੀ ਕੁਆਲਿਟੀ ਦੇ ਹੈਲਮਟ ਦੀ ਵਰਤੋਂ ਨਹੀਂ ਕਰਦੇ, ਜਿਸ ਕਾਰਨ ਹਾਦਸਿਆਂ ਦੌਰਾਨ ਅਜਿਹੇ ਹੈਲਮਟ ਟੁੱਟ ਜਾਂਦੇ ਹਨ | ਇਹ ਵੀ ਅਕਸਰ ਦੇਖਿਆ ਜਾਂਦਾ ਹੈ ਕਿ ਸਕੂਲਾਂ 'ਚ ਪੜ੍ਹਨ ਵਾਲੇ ਨਾਬਾਲਗ ਬੱਚੇ ਬਹੁਤ ਹੀ ਤੇਜ਼ੀ ਨਾਲ ਵਾਹਨ ਚਲਾਉਂਦੇ ਹਨ ਜਿਸ ਕਾਰਨ ਕਈ ਹਾਦਸੇ ਵੀ ਹੁੰਦੇ ਹਨ | ਇਸ ਸੰਬੰਧੀ ਬੱਚਿਆਂ ਦੇ ਮਾਪੇ ਅਤੇ ਟਰੈਫ਼ਿਕ ਪੁਲਿਸ ਨੂੰ ਸਖ਼ਤੀ ਕਰਨ ਦੀ ਜ਼ਰੂਰਤ ਹੈ | ਇਸ ਤੋਂ ਇਲਾਵਾ ਕਈ ਸ਼ਰਾਰਤੀ ਅਨਸਰ ਬੁਲਟ ਮੋਟਰਸਾਈਕਲ ਦੇ ਪਟਾਕੇ ਵਜਾ ਕੇ ਬੇਵਜ੍ਹਾ ਡਰ ਦਾ ਮਾਹੌਲ ਪੈਦਾ ਕਰਦੇ ਹਨ ਅਜਿਹੇ ਵਿਅਕਤੀਆਂ ਨੂੰ ਨੱਥ ਪਾਉਣਾ ਬਹੁਤ ਜ਼ਰੂਰੀ ਹੈ | ਮਾਹਿਰਾਂ ਅਨੁਸਾਰ ਪੁਲਿਸ ਵਲੋਂ ਲੋਕਾਂ ਦੇ ਚਲਾਨ ਕੱਟਣ ਵੱਲ ਜ਼ਿਆਦਾ ਧਿਆਨ ਹੈ ਜਦੋਂ ਕਿ ਟਰੈਫ਼ਿਕ ਸੁਧਾਰਾਂ ਵੱਲ ਘੱਟ ਧਿਆਨ ਦਿਤਾ ਜਾਂਦਾ ਹੈ |
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਨੇ ਬਿਜਲੀ ਬਿਲ ਤੇ ਸੀਡ ਬਿਲ ਦੀਆਂ ਕਾਪੀਆਂ ਸਾੜੀਆਂ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਤੇ ਮਜ਼ਦੂਰ ਜਥੇਬੰਦੀਆਂ ਨੇ ਬਿਜਲੀ ਬਿੱਲ ਤੇ ਸੀਡ ਬਿੱਲ ਦੀਆਂ ਕਾਪੀਆਂ ਸਾੜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।