ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ: ਮੁੱਖ ਜ਼ਿੰਮੇਵਾਰੀ ਨਿਭਾਉਣ ਵਾਲੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦੋ ਦਿਨਾਂ ਤੋਂ ਸੀਟ ਤੋਂ 'ਗ਼ਾਇਬ'
ਅਜੀਤ ਡੈਸਕ
04-12-2025
ਪਟਿਆਲਾ, 3 ਦਸੰਬਰ-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਕੇਵਲ ਇਕ ਦਿਨ ਬਾਕੀ ਰਹਿ ਗਿਆ ਹੈ, ਪਰ ਪਟਿਆਲਾ ਦੇ ਏ. ਡੀ. ਸੀ. ਦਮਨਜੀਤ ਸਿੰਘ ਮਾਨ (ਆਰ. ਡੀ.)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸਮੇਤ ਜ਼ਿਲ੍ਹੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਬਹੁਤੇ ਅਫ਼ਸਰ ਆਪਣੀਆਂ ਸੀਟਾਂ ਤੋਂ ਗ਼ਾਇਬ ਨਜ਼ਰ ਆ ਰਹੇ ਹਨ | ਜਿਸ ਦੇ ਚੱਲਦਿਆਂ ਸੱਤਾਧਾਰੀ ਪਾਰਟੀ ਤੋਂ ਬਿਨਾਂ ਵਿਰੋਧੀ ਪਾਰਟੀਆਂ ਵਲੋਂ ਇਹ ਰੋਸ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਵਲੋਂ 'ਕੋਈ ਬਕਾਇਆ ਨਹੀਂ', ਚੁੱਲ੍ਹਾ ਟੈਕਸ ਵਰਗੇ ਸਰਟੀਫਿਕੇਟ ਲੈਣ ਲਈ ਜਦੋਂ ਉਕਤ ਵਿਭਾਗ ਦੇ ਦਫ਼ਤਰਾਂ 'ਚ ਜਾਇਆ ਜਾਂਦਾ ਹੈ ਤਾਂ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਹੁੰਦਾ ਜਿਸ ਕਾਰਨ ਉਹ ਆਪਣੇ ਨਾਮਜ਼ਦਗੀ ਪੱਤਰ ਕੱਲ੍ਹ 4 ਦਸੰਬਰ ਤੱਕ ਕਿਸ ਤਰ੍ਹਾਂ ਜਮਾਂ ਕਰਵਾ ਸਕਣਗੇ | ਚੋਣ ਕਮਿਸ਼ਨ ਕੋਲ ਉਕਤ ਮਾਮਲਿਆਂ ਨੂੰ ਲੈ ਕੇ ਜਿੱਥੇ ਵੱਡੀ ਗਿਣਤੀ 'ਚ ਸ਼ਿਕਾਇਤਾਂ ਦੇ ਪਹੁੰਚਣ ਬਾਰੇ ਸੂਤਰਾਂ ਦਾ ਕਹਿਣਾ ਹੈ, ਉੱਥੇ ਹੀ ਇਹ ਵੀ ਦੇਖਣਾ ਬਣਦਾ ਹੈ ਕਿ ਚੋਣ ਕਮਿਸ਼ਨ ਪਟਿਆਲਾ ਜ਼ਿਲ੍ਹੇ ਵਿਚਲੇ ਅਧਿਕਾਰੀ ਜੋ ਉਕਤ ਚੋਣਾਂ ਕਰਵਾਉਣ ਦੇ ਜ਼ਿੰਮੇਵਾਰ ਹਨ, ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਆਪਣੀ ਡਿਊਟੀ 'ਚ ਕੋਤਾਹੀ ਵਰਤਣ 'ਤੇ ਕਾਰਵਾਈ ਕਰੇਗਾ?
ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਕਰਵਾਉਣਾ, ਜ਼ਿਲ੍ਹੇ ਦੇ ਸਾਰੇ ਰਿਟਰਨਿੰਗ ਅਫ਼ਸਰ ਤੋਂ ਰੋਜ਼ਾਨਾ ਰਿਪੋਰਟ ਪ੍ਰਾਪਤ ਕਰ ਕੇ ਨਾਮਜ਼ਦਗੀ ਪੱਤਰਾਂ ਦੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜਣੀ, ਚੋਣ ਕਮਿਸ਼ਨ ਨਾਲ ਤਾਲਮੇਲ ਰੱਖਣਾ, ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਚਲਾਉਣ ਤੋਂ ਇਲਾਵਾ ਚੋਣਾਂ ਨਾਲ ਸੰਬੰਧਿਤ ਹਰ ਛੋਟੇ ਅਤੇ ਵੱਡੇ ਕੰਮ 'ਤੇ ਨਿਗਰਾਨੀ ਰੱਖਣ ਵਾਲੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਤੋਂ ਬਾਅਦ ਇਹ ਸਾਰੇ ਕੰਮ ਦਾ ਜ਼ਿੰਮਾ ਪਟਿਆਲਾ ਦੇ ਏ. ਡੀ. ਸੀ.-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦਮਨਜੀਤ ਸਿੰਘ ਮਾਨ (ਆਰ. ਡੀ.) ਦੇ ਅਧੀਨ ਆਉਂਦਾ ਹੈ, ਪਰ ਹਾਲਾਤ ਇਹ ਹਨ ਕਿ ਉਕਤ ਅਫ਼ਸਰ ਅੱਜ ਤੇ ਬੀਤੇ ਕੱਲ੍ਹ ਤੋਂ ਸੀਟ ਤੋਂ ਗ਼ਾਇਬ ਰਹੇ ਅਤੇ ਨਾ ਹੀ ਉਕਤ ਅਧਿਕਾਰੀ ਵਲੋਂ ਕਿਸੇ ਵੀ ਫ਼ੋਨ ਦਾ ਜਵਾਬ ਦਿਤਾ ਜਾਂਦਾ ਹੈ | ਇਨ੍ਹਾਂ ਹਾਲਾਤਾਂ 'ਚ ਜ਼ਿਲ੍ਹੇ 'ਚ ਸੁਚੱਜੇ ਢੰਗ ਨਾਲ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਕਰਵਾਉਣਾ ਅਤੇ ਹੇਠਲੇ ਅਫ਼ਸਰਾਂ ਦੀਆਂ ਰਿਪੋਰਟਾਂ ਦੀ ਨਿਗਰਾਨੀ ਕਰਨ ਸਮੇਤ ਹੋਰਨਾਂ ਬਲਾਕ ਅਫ਼ਸਰਾਂ ਦੇ ਦਫ਼ਤਰ 'ਚ ਬੈਠਣ 'ਤੇ ਲਗਾਮ ਕੱਸਣ ਵਿਚ ਉਕਤ ਅਧਿਕਾਰੀ ਦੀਆਂ ਸੇਵਾਵਾਂ ਵੱਡਾ ਸਵਾਲ ਪੈਦਾ ਕਰਦੀਆਂ ਹਨ | ਬੀਤੇ ਦਿਨੀਂ ਪਟਿਆਲਾ, ਨਾਭਾ ਵਿਚ ਅਕਾਲੀ ਦਲ ਅਤੇ ਕਾਂਗਰਸ ਦੇ ਨੁਮਾਇੰਦਿਆਂ ਵਲੋਂ ਐੱਨ.ਓ. ਸੀ. ਹਾਸਲ ਕਰਨ ਲਈ ਜਦੋਂ ਆਪਣੇ ਇਲਾਕੇ ਦੇ ਬਲਾਕ ਵਿਕਾਸ ਅਫ਼ਸਰਾਂ ਦੇ ਦਫ਼ਤਰ 'ਚ ਪਹੁੰਚ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਕਿਸੇ ਅਧਿਕਾਰੀ ਦਾ ਨਾ ਹੋਣਾ ਅਤੇ ਕਿਸੇ ਵਲੋਂ ਐੱਨ. ਓ. ਸੀ. ਜਾਰੀ ਨਾ ਕਰਨ ਕਰ ਕੇ ਬਲਾਕ ਵਿਕਾਸ ਅਫ਼ਸਰਾਂ ਦੇ ਦਫ਼ਤਰਾਂ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ | ਵਿਰੋਧੀ ਧਿਰ ਦੀਆਂ ਪਾਰਟੀਆਂ ਵਲੋਂ ਸੱਤਾ ਧਿਰ 'ਤੇ ਦੋਸ਼ ਲਗਾਉਂਦਿਆਂ ਕਿਹਾ ਗਿਆ ਕਿ ਚੋਣਾਂ ਲੜਨ ਤੋਂ ਪਹਿਲਾਂ ਹੀ ਸਰਕਾਰ ਵਲੋਂ ਇਹ ਸਭ ਜਾਣ-ਬੁੱਝ ਕੇ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਚੋਣ ਨਾ ਲੜ ਸਕੇ | ਹੋਰ ਤਾਂ ਹੋਰ ਡਿਪਟੀ ਕਮਿਸ਼ਨਰ ਵਲੋਂ ਨਿਯੁਕਤ ਕੀਤੇ ਗਏ ਆਰ. ਓ. ਵੀ ਫ਼ੋਨ ਨਹੀਂ ਚੁੱਕ ਰਹੇ, ਜਿਸ ਕਾਰਨ ਉਕਤ ਚੋਣਾਂ 'ਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਵੱਖੋ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵਲੋਂ ਜੱਦੋ-ਜਹਿਦ ਜਾਰੀ ਹੈ |