ਪਟਿਆਲਾ, 21 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਦੀਵਾਲੀ ਕਿਸ ਦਿਨ ਮਨਾਈ ਜਾਵੇ ਨੇ ਆਮ ਲੋਕਾਂ 'ਚ ਸਥਿਤੀ ਭੰਬਲਭੂਸਾ ਵਾਲੀ ਸੀ ਪਰੰਤੂ ਲੰਘੇ ਦਿਨੀਂ ਅਤੇ ਅੱਜ ਦੋਹੇਂ ਦਿਨਾਂ ਵਿਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ | ਲੋਕਾਂ ਨੇ ਘਰਾਂ ਵਿਚ ਦੀਪਮਾਲਾ ਕੀਤੀ, ਪਟਾਕੇ ਵਜਾਏ ਅਤੇ ਮਾਤਾ ਲਕਸ਼ਮੀ ਦੀ ਪੂਜਾ ਕੀਤੀ | ਇਸੇ ਤਰ੍ਹਾਂ ਬੰਦੀ ਛੋੜ ਦਿਵਸ ਨੂੰ ਵੀ ਸ਼ਰਧਾਲੂਆਂ ਨੇ ਖ਼ੁਸ਼ੀ ਨਾਲ ਮਨਾਉਂਦਿਆਂ ਗੁਰਦੁਆਰਾ ਸਾਹਿਬਾਨ ਵਿਚ ਮੋਮਬੱਤੀਆਂ ਲਗਾਈਆਂ | ਵੱਡੀ ਗਿਣਤੀ ਵਿਚ ਪਟਾਕੇ ਚਲਾ ਕੇ ਵੀ ਬੱਚੇ ਅਤੇ ਵੱਡਿਆਂ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ | ਇਸ ਮੌਕੇ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਰੰਗ ਬਿਰੰਗੀਆਂ ਸੁੰਦਰ ਲਾਈਟਾਂ ਨਾਲ ਦੀਪਮਾਲਾ ਕਰ ਸਜਾਇਆ ਗਿਆ | ਲੋਕਾਂ ਨੇ ਆਪਣੇ ਘਰਾਂ ਵਿਚ ਅਰਦਾਸ ਕਰ ਪਰਿਵਾਰ ਅਤੇ ਸਰਬਤ ਦਾ ਭਲਾ ਮੰਗਿਆ | ਮੁੱਖ ਸਮਾਗਮ ਭਾਵੇਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਅਤੇ ਸ੍ਰੀ ਗੁਰਦੁਆਰਾ ਸਾਹਿਬ ਮੋਤੀ ਬਾਗ ਵਿਖੇ ਸਨ ਪਰੰਤੂ ਕਾਲੋਨੀਆਂ ਆਦਿ ਵਿਚ ਸਥਿਤ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਨੂੰ ਵੀ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ | ਇਸ ਵਾਰ ਲੋਕਾਂ ਵਲੋਂ ਹਰ ਤਰ੍ਹਾਂ ਦੀ ਖਰੀਦਦਾਰੀ ਵਿਚ ਰੁਚੀ ਦਿਖਾਈ, ਜਿਸ ਦੀ ਗਵਾਹੀ ਬਾਜ਼ਾਰਾਂ ਵਿਚ ਰਹੀ ਭੀੜ ਨੇ ਭਰੀ |