ਸਮਾਣਾ, 21 ਅਕਤੂਬਰ (ਸਾਹਿਬ ਸਿੰਘ)-ਗੁਰਦੁਆਰਾ ਗੁਰੂ ਰਵਿਦਾਸ ਜੀ ਮਲਕਾਨਾ ਪੱਤੀ ਸਮਾਣਾ ਵਿਚ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਗਿਆ | ਲਖਵਿੰਦਰ ਸਿੰਘ ਤੇ ਪਰਿਵਾਰ ਵਲੋਂ ਗੁਰਦੁਆਰਾ ਸਾਹਿਬ ਵਿਖੇ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਮਨਪ੍ਰੀਤ ਸਿੰਘ ਖ਼ਾਲਸਾ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਜ਼ੁਲਮ ਖ਼ਿਲਾਫ਼ ਲੜੀਆਂ ਲੜਾਈਆਂ ਅਤੇ ਮਨੁੱਖਤਾ ਦੇ ਭਲੇ ਲਈ ਕੀਤੇ ਕਾਰਜਾਂ 'ਤੇ ਰੌਸ਼ਨੀ ਪਾਈ | ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਬਲਵਿੰਦਰ ਸਿੰਘ ਅਤੇ ਵੱਖ-ਵੱਖ ਬੱਚਿਆਂ ਦੇ ਜਥਿਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਰਾਜ ਸਿੰਘ ਨੇ ਬੰਦੀ ਛੋੜ ਦਿਵਸ ਤੇ ਦੀਵਾਲੀ ਦੀ ਵਧਾਈ ਦਿੰਦਿਆਂ ਸੰਗਤਾਂ ਨੂੰ ਵਹਿਮਾਂ ਭਰਮਾਂ ਦਾ ਤਿਆਗ ਕਰਕੇ ਗੁਰੂ ਸਾਹਿਬਾਨ ਦੇ ਆਸ਼ੇ ਅਨੁਸਾਰ ਜੀਵਨ ਬਤੀਤ ਕਰਨ ਦੀ ਅਪੀਲ ਕੀਤੀ | ਗੁਰਦੁਆਰਾ ਕਮੇਟੀ ਵਲੋਂ ਪਾਠੀ ਸਿੰਘਾਂ, ਸੇਵਾਦਾਰਾਂ ਅਤੇ ਕੀਰਤਨ ਕਰਨ ਵਾਲੇ ਬੱਚਿਆਂ ਦਾ ਸਿਰਪਾਉ ਅਤੇ ਮਿਠਾਈ ਨਾਲ ਸਨਮਾਨ ਕੀਤਾ ਗਿਆ | ਬੰਦੀ ਛੋੜ ਸਮਾਗਮ ਵਿਚ ਭਾਈ ਰਾਜ ਸਿੰਘ ਤੋਂ ਇਲਾਵਾ ਬਲਰਾਜ ਸਿੰਘ ਫ਼ੌਜੀ, ਸਾਬਕਾ ਇੰਸਪੈਕਟਰ ਭਾਈ ਗੁਰਸੇਵਕ ਸਿੰਘ ਤੇ ਭਾਈ ਅਵਤਾਰ ਸਿੰਘ, ਕਰਮ ਸਿੰਘ ਦਿਓਲ, ਮਾਸਟਰ ਬਲਦੇਵ ਸਿੰਘ, ਜੋਰਾ ਸਿੰਘ, ਹਾਕਮ ਸਿੰਘ, ਬਲਦੇਵ ਸਿੰਘ ਅਤੇ ਸੰਗਤਾਂ ਵੀ ਹਾਜ਼ਰ ਸਨ | ਇਸ ਤੋਂ ਇਲਾਵਾ ਗੁਰਦੁਆਰਾ ਥੜ੍ਹਾ ਸਾਹਿਬ, ਗੁਰਦੁਆਰਾ ਪਾਤਸ਼ਾਹੀ ਛੇਵੀਂ ਮਕਾਨਾਂ ਪੱਤੀ, ਗੁ. ਰਾਮਗੜ੍ਹੀਆ ਸਾਹਿਬ, ਗੁ. ਸਿੰਘ ਸਭਾ, ਗੁ. ਸਤਿਸੰਗ ਸਭਾ ਅਤੇ ਗੁ. ਬਾਬਾ ਸ੍ਰੀ ਚੰਦ ਵਿਖੇ ਬੰਦੀ ਛੋੜ ਦਿਵਸ 'ਤੇ ਸਮਾਗਮ ਕੀਤੇ ਗਏ ਜਿਸ ਵਿਚ ਸੰਗਤਾਂ ਨੇ ਸ਼ਰਧਾ ਨਾਲ ਗੁਰਬਾਣੀ ਕੀਰਤਨ ਸਰਵਣ ਕੀਤਾ |