ਚੋਗਾਵਾਂ, 9 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਹਲਕਾ ਰਾਜਾਸਾਂਸੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਜਥੇਦਾਰ ਵੀਰ ਸਿੰਘ ਲੋਪੋਕੇ ਦੀ ਅਗਵਾਈ ਹੇਠ ਯੂਥ ਆਗੂ ਰਾਣਾ ਰਣਬੀਰ ਸਿੰਘ ਲੋਪੋਕੇ ਨੇ ਬਲਾਕ ਚੋਗਾਵਾਂ ਦੇ ਦਰਜਨਾਂ ਪਿੰਡਾਂ ਵਿਚ ਜ਼ੋਨ ਲੋਪੋਕੇ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ ਆਸ਼ਾ ਰਾਣੀ ਪਤਨੀ ਸੁਬੇਗ ਸਿੰਘ ਰੰਧਾਵਾ ਡੇਅਰੀ ਵਾਲਾ ਅਤੇ ਬਲਾਕ ਸੰਮਤੀ ਮੈਂਬਰ ਧਰਮਿੰਦਰ ਸਿੰਘ ਦੇ ਹੱਕ ਵਿਚ ਵਿਸ਼ਾਲ ਮੀਟਿੰਗਾਂ ਕਰਕੇ ਚੋਣ ਪ੍ਰਚਾਰ ਕੀਤਾ | ਇਸ ਮੌਕੇ ਰਾਣਾ ਲੋਪੋਕੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੜਤ ਤੋਂ 'ਆਪ' ਸਰਕਾਰ ਬੁਖਲਾਹਟ ਵਿਚ ਆਈ ਹੋਈ ਹੈ | ਇਨ੍ਹਾਂ ਚੋਣਾਂ ਵਿਚ ਹਲਕੇ ਦੇ ਲੋਕ 'ਆਪ' ਨੂੰ ਬੁਰੀ ਤਰ੍ਹਾਂ ਨਕਾਰ ਦੇਣਗੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਖੇਤਰੀ ਪਾਰਟੀ ਹੈ ਜੋ ਪੰਜਾਬ ਦੇ ਹਿੱਤਾਂ ਦੇ ਪਹਿਰਾ ਦਿੰਦੀ ਹੈ ਜਦ ਕਿ 'ਆਪ' ਦੇ ਆਗੂ ਦਿੱਲੀ ਬੈਠੇ ਆਪਣੀ ਹਾਈ ਕਮਾਂਡ ਦੇ ਇਸ਼ਾਰਿਆਂ 'ਤੇ ਕੰਮ ਕਰਦੇ ਹਨ | ਉਨ੍ਹਾਂ ਕਿਹਾ ਕਿ ਜੇ ਪੰਜਾਬ ਨੂੰ ਕਰਜ਼ੇ ਤੋਂ ਬਚਾਅ ਕੇ ਖੁਸ਼ਹਾਲ ਬਣਾਉਣਾ ਹੈ ਤਾਂ 'ਆਪ' ਉਮੀਦਵਾਰਾਂ ਨੂੰ ਹਰਾ ਕੇ 2027 ਵਿਚ ਅਕਾਲੀ ਦਲ ਦੀ ਜਿੱਤ ਦਾ ਮੁੱਢ ਬੰਨਣਾ ਪਵੇਗਾ | ਇਸ ਮੌਕੇ ਸਾਬਕਾ ਸਰਪੰਚ ਗੁਰਸੇਵਕ ਸਿੰਘ ਗੈਵੀ, ਸਰਕਲ ਪ੍ਰਧਾਨ ਤੇਜ਼ ਇਕਬਾਲ ਸਿੰਘ ਮੁਹਾਰ, ਫਤਿਹ ਸਿੰਘ ਲੋਪੋਕੇ, ਸਰਕਲ ਪ੍ਰਧਾਨ ਡਾ. ਸ਼ਰਨਜੀਤ ਸਿੰਘ, ਸੀਨੀਅਰ ਅਕਾਲੀ ਆਗੂ ਕਸ਼ਮੀਰ ਸਿੰਘ ਲਾਵੇਂ ਨੰਬਰਦਾਰ, ਮੈਂਬਰ ਕਾਬਲ ਸਿੰਘ, ਜਸਵਿੰਦਰ ਸਿੰਘ ਉਮਰਪੁਰਾ ਆਦਿ ਵਰਕਰ ਹਾਜ਼ਰ ਸਨ |