ਅਟਾਰੀ ਸਰਹੱਦ, 9 ਦਸੰਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਦੀਦਾਰਿਆਂ ਤੋਂ ਵਾਂਝੇ ਕਰਕੇ ਪਿਛਲੇ ਕਈ ਮਹੀਨਿਆਂ ਤੋਂ ਰੱਖੀ ਗਈ ਭਾਰਤੀ ਸਿੱਖ ਸੰਗਤ ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਲਈ ਇਹ ਲਾਂਘਾ ਜਲਦੀ ਤੋਂ ਜਲਦੀ ਭਾਰਤ ਦੀ ਸਰਕਾਰ ਖੋਲ੍ਹ ਕੇ ਦਰਿਆ ਦਿਲੀ ਵਿਖਾਵੇ | ਇਹ ਸ਼ਬਦ ਅਕਾਲੀ ਦਲ (ਅ) ਦੇ ਸੀਨੀਅਰ ਆਗੂ ਬੀਬੀ ਮਨਦੀਪ ਕੌਰ ਸੰਧੂ ਨੇ ਕਹੇ | ਬੀਬੀ ਸੰਧੂ ਨੇ ਕਿਹਾ ਕਿ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਦੀ ਹਮੇਸ਼ਾ ਸੋਚ ਰਹੀ ਹੈ ਕਿ ਪਾਕਿਸਤਾਨ ਨਾਲ ਚੰਗੇ ਸੰਬੰਧ ਚੰਗੇ ਤਾਲੋਕਾਤ ਇਸ ਕਰਕੇ ਬਣਾਏ ਜਾਣ ਕੇ ਸਿੱਖਾਂ ਦੇ ਇਤਿਹਾਸਕ ਵਿਛੜੇ ਗੁਰਧਾਮਾਂ ਦੇ ਸਮੁੱਚੀਆਂ ਨਾਨਕ ਨਾਮ ਲੇਵਾ ਤੇ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਬਿਨਾਂ ਕਿਸੇ ਤੰਗੀ ਪ੍ਰੇਸ਼ਾਨੀ ਦੇ ਦਰਸ਼ਨ ਦੀਦਾਰੇ ਕਰਨ ਲਈ ਆ ਜਾ ਸਕਣ, ਬੀਬੀ ਸੰਧੂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨਾਲ ਜਦ ਵੀ ਭਾਰਤ ਦੇ ਤਾਲੋਕਾਤ ਕਿਸੇ ਨਾ ਕਿਸੇ ਕਾਰਨ ਕਰਕੇ ਵਿਗੜੇ ਤੇ ਆਪਸੀ ਸੰਬੰਧ ਬੰਦ ਹੋਏ ਹਨ ਇਨ੍ਹਾਂ ਨੂੰ ਮੁੜ ਸ਼ੁਰੂ ਕਰਨ ਤੇ ਸੰਬੰਧ ਸੁਖਾਵੇਂ ਦੋਵੇਂ ਦੇਸ਼ਾਂ ਦਰਮਿਆਨ ਬਣਾਉਣ ਲਈ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਮਾਨ ਵਲੋਂ ਸਭ ਤੋਂ ਪਹਿਲਾਂ ਅੱਗੇ ਆ ਕੇ ਦੋਵਾਂ ਦੇਸ਼ਾਂ ਵਿਚ ਪਿਆਰ ਮੁਹੱਬਤ ਵਧਾਉਣ ਦੀ ਹਮੇਸ਼ਾ ਗੱਲ ਕਹੀ | ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਅੰਮਿ੍ਤਸਰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਵਾਉਣ ਲਈ ਆਉਣ ਵਾਲੇ ਦਿਨਾਂ ਵਿਚ ਯਤਨਸ਼ੀਲ ਰਹੇਗਾ |