ਰਾਮ ਤੀਰਥ, 4 ਦਸੰਬਰ (ਧਰਵਿੰਦਰ ਸਿੰਘ ਔਲਖ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ 5 ਦਸੰਬਰ ਨੂੰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 1 ਤੋਂ 3 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ | ਇਸ ਦਾ ਪ੍ਰਗਟਾਵਾ ਜਥੇਬੰਦੀ ਦੇ ਸੂਬਾਈ ਆਗੂ ਸਰਵਣ ਸਿੰਘ ਪੰਧੇਰ ਨੇ ਪਿੰਡ ਖਿਆਲਾ ਦੇ ਫੋਕਲ ਪੁਆਇੰਟ 'ਚ ਕੀਤੀ ਗਈ ਕਨਵੈਨਸ਼ਨ ਦੌਰਾਨ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ 17-18 ਦਸੰਬਰ ਨੂੰ ਸਮੂਹ ਜਥੇਬੰਦੀਆਂ ਵਲੋਂ ਵੱਡਾ ਮੋਰਚਾ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਵਜੋਂ ਇਹ ਕਨਵੈਨਸ਼ਨ ਕੀਤੀ ਜਾ ਰਹੀ ਹੈ | ਉਨ੍ਹਾਂ ਦੀਆਂ ਬਹੁਤ ਸਾਰੀਆਂ ਮੰਗਾਂ ਹਨ, ਜਿਨ੍ਹਾਂ ਵੱਲ ਸਰਕਾਰਾਂ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿੱਲ 2025 ਕੇਂਦਰ ਸਰਕਾਰ ਨੇ ਲਿਆਂਦਾ ਹੈ, ਜਿਸ ਤਹਿਤ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿਚ ਦੇਣ ਦੀਆਂ ਤਿਆਰੀਆਂ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਉਹ ਪ੍ਰੀਪੇਡ ਮੀਟਰ ਪਿੰਡਾਂ ਵਿਚ ਨਹੀਂ ਲੱਗਣ ਦੇਣਗੇ ਅਤੇ 8-9 ਤਰੀਕ ਨੂੰ ਮੀਟਰ ਉਖਾੜ ਕੇ ਬਿਜਲੀ ਘਰਾਂ ਵਿਚ ਜਮ੍ਹਾਂ ਕਰਵਾ ਦਿੱਤੇ ਜਾਣਗੇ | ਸ: ਪੰਧੇਰ ਨੇ ਅੱਗੇ ਕਿਹਾ ਕਿ ਖਨੌਰੀ, ਸ਼ੰਭੂ ਮੋਰਚਾ ਸਰਕਾਰ ਨੇ ਫੋਰਸਾਂ ਲਾ ਕੇ ਉਖਾੜ ਦਿੱਤਾ ਸੀ ਅਤੇ ਕਿਸਾਨਾਂ ਦਾ ਬਹੁਤ ਸਾਰਾ ਕੀਮਤੀ ਸਾਮਾਨ, ਟਰੈਕਟਰ, ਟਰਾਲੀਆਂ ਗਾਇਬ ਕਰ ਦਿੱਤੀਆਂ ਸਨ, ਜਿਸ ਦਾ 3 ਕਰੋੜ 70 ਲੱਖ ਦਾ ਮੁਆਵਜ਼ਾ ਲੈਣਾ ਵੀ ਅਜੇ ਬਾਕੀ ਹੈ | ਇਸ ਮੌਕੇ 'ਤੇ ਜਥੇਬੰਦੀ ਦੇ ਆਗੂ ਕੁਲਜੀਤ ਸਿੰਘ ਬਾਊ, ਸਾਹਿਬ ਸਿੰਘ ਕੱਕੜ, ਬਾਜ ਸਿੰਘ ਸਾਰੰਗੜਾ, ਸੁਖਜਿੰਦਰ ਸ਼ਾਹ, ਗੁਰਲਾਲ ਔਲਖ, ਲਖਵਿੰਦਰ ਸਿੰਘ ਡਾਲਾ, ਗੁਰਲਾਲ ਸਿੰਘ ਕੱਕੜ, ਕੁਲਬੀਰ ਸਿੰਘ ਲੋਪੋਕੇ, ਸਵਿੰਦਰ ਸਿੰਘ ਕੋਲੋਵਾਲ, ਜੋਗਾ ਸਿੰਘ ਬਾਉਲੀ, ਸ਼ਰਮਪਾਲ ਸਿੰਘ ਬੱਚੀਵਿੰਡ, ਸੂਬਾ ਸਿੰਘ ਪੱਧਰੀ, ਦਿਲਬਾਗ ਸਿੰਘ ਧੌਲ ਕਲਾਂ ਆਦਿ ਕਿਸਾਨ ਆਗੂ ਹਾਜ਼ਰ ਸਨ |