ਕੱਥੂਨੰਗਲ, 4 ਦਸੰਬਰ (ਦਲਵਿੰਦਰ ਸਿੰਘ ਰੰਧਾਵਾ)-ਅੱਜ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਨਾਮਜ਼ਦਗੀ ਪੇਪਰ ਦਾਖਲ ਕਰਨ ਦਾ ਆਖ਼ਰੀ ਦਿਨ ਸੀ, ਉੱਥੇ ਪੰਜਾਬ ਦੇ ਚਰਚਿਤ ਹਲਕੇ ਮਜੀਠਾ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਦੀ ਮਦਦ ਨਾਲ ਵੱਡੇ ਪੱਧਰ 'ਤੇ ਧੱਕੇਸ਼ਾਹੀ ਕਰਦਿਆਂ ਦਰਵਾਜ਼ੇ ਬੰਦ ਕਰਕੇ ਹੋਰਨਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਤੇ ਚੋਣ ਲੜਨ ਦੇ ਚਾਹਵਾਨਾਂ ਨੂੰ ਅੰਦਰ ਹੀ ਦਾਖਲ ਨਹੀਂ ਹੋਣ ਦਿੱਤਾ ਗਿਆ | ਇਸ ਬਾਰੇ ਹਲਕਾ ਮਜੀਠਾ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਨੇ ਮਜੀਠਾ ਤੋਂ ਵਾਪਸ ਆਪਣੇ ਦਫ਼ਤਰ ਕੱਥੂਨੰਗਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਹਨ, ਜਿਸ ਦਾ ਖ਼ਮਿਆਜ਼ਾ ਸੱਤਾਧਾਰੀ ਪਾਰਟੀ ਤੇ ਇਸਦੇ ਆਗੂਆਂ ਨੂੰ ਹੁਣ ਵੀ ਤੇ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ | ਸੱਚਰ ਨੇ ਕਿਹਾ ਕਿ ਸਾਨੂੰ ਖ਼ਦਸ਼ਾ ਹੈ ਕਿ ਜਿਹੜੇ ਕੁਝ ਵਿਅਕਤੀਆਂ ਦੇ ਨਾਮਜ਼ਦਗੀ ਪੇਪਰ ਕੱਲ ਦਾਖਲ ਹੋਏ ਸਨ, ਇਹ ਉਨ੍ਹਾਂ ਨੂੰ ਵੀ ਰੱਦ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ | ਡੀ. ਐੱਸ. ਪੀ. ਧਰਮਿੰਦਰ ਕਲਿਆਣ ਮਜੀਠਾ ਦਾ ਜ਼ਿਕਰ ਕਰਦਿਆਂ ਸੱਚਰ ਨੇ ਕਿਹਾ ਕਿ ਬੀਤੇ ਦਿਨੀਂ ਚੋਣ ਜ਼ਾਬਤਾ ਲੱਗਾ ਹੋਣ ਦੇ ਬਾਵਜੂਦ ਇਹ ਅਫ਼ਸਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੇ ਘਰ ਦਫ਼ਤਰ ਵਿਚ ਬੈਠ ਕੇ ਲੋਕਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਮੌਕੇ ਓਥੇ ਸੀ | ਗੱਲਬਾਤ ਕਰਦਿਆਂ ਉਨ੍ਹਾਂ ਦੇ ਨਾਲ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ , ਸਾਬਕਾ ਚੇਅਰਮੈਨ ਜਗਦੇਵ ਸਿੰਘ ਬੱਗਾ, ਸਰਪੰਚ ਜਤਿੰਦਰ ਪਾਲ ਸਿੰਘ ਕੱਥੂਨੰਗਲ, ਕੌਂਸਲਰ ਨਵਦੀਪ ਸਿੰਘ ਸੋਨਾ ਬਲਾਕ ਪ੍ਰਧਾਨ ਕਾਂਗਰਸ ਮਜੀਠਾ, ਮਹਿਤਾਬ ਸਿੰਘ ਵਡਾਲਾ ਵੀਰਮ , ਸਰਪੰਚ ਮਨੋਹਰ ਗਾਲੋਵਾਲੀ, ਬਖ਼ਸ਼ੀਸ਼ ਸਿੰਘ ਉਦੋਕੇ, ਤਜਿੰਦਰ ਸਿੰਘ ਤਰਫਾਨ, ਰਣਜੀਤ ਸਿੰਘ ਰਾਣਾ, ਗੁਰਪ੍ਰੀਤ ਸਿੰਘ ਨੰਬਰਦਾਰ ਰਾਮਦਿਵਾਲੀ, ਪ੍ਰਗਟ ਸਿੰਘ ਚੰਨਣਕੇ, ਪਰਮਜੀਤ ਸਿੰਘ ਭੋਏਵਾਲ, ਅਸ਼ੋਕ ਮੱਤੇਵਾਲ, ਹਰਦੇਵ ਸਿੰਘ ਉਦੋਕੇ, ਸੁਰਜੀਤ ਸਿੰਘ ਭੀਲੋਵਾਲ, ਪ੍ਰਮਾਤਮਾ ਸਿੰਘ, ਐਡਵੋਕੇਟ ਸ਼ਮਸ਼ੇਰ ਸਿੰਘ ਵੀ ਹਾਜ਼ਰ ਸਨ |
ਨਾਮਜ਼ਦਗੀਆਂ 'ਚ ਮਜੀਠਾ 'ਚ ਉਡਾਈਆਂ ਲੋਕਤੰਤਰ ਦੀਆਂ ਧੱਜੀਆਂ : ਸੱਚਰ ਨਹੀਂ ਹੋਣ ਦਿੱਤੀਆਂ ਨਾਮਜ਼ਦਗੀਆਂ ਦਾਖ਼ਲ
ਅਜੀਤ ਡੈਸਕ
05-12-2025