ਜੰਡਿਆਲਾ ਗੁਰੂ, 30 ਅਗਸਤ (ਪ੍ਰਮਿੰਦਰ ਸਿੰਘ ਜੋਸਨ) ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਬਲਾਕ ਤਰਸਿੱਕਾ ਨੂੰ ਖਤਮ ਕਰਕੇ ਇਸ ਅਧੀਨ ਆਉਂਦੇ ਪਿੰਡਾਂ ਨੂੰ ਬਲਾਕ ਜੰਡਿਆਲਾ ਨਾਲ ਜੋੜਨਾਂ ਲੋਕ ਹਿੱਤਾਂ ਦੇ ਉਲਟ ਹੈ ਅਤੇ ਸਰਕਾਰ ਨੂੰ ਇਹ ਫ਼ੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ | ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਨੇ ਇਥੇ ਕੀਤਾ | ਉਨ੍ਹਾਂ ਕਿਹਾ ਕਿ ਬਲਾਕ ਤਰਸਿੱਕਾ ਖਤਮ ਕਰਨ ਨਾਲ ਜਿੱਥੇ ਹਲਕਾ ਜੰਡਿਆਲਾ ਦੇ ਆਸ ਪਾਸ ਦੇ ਲਗਭਗ 35 ਪਿੰਡ ਪ੍ਰਭਾਵਿਤ ਹੋਣਗੇ ਉੱਥੇ ਲੋਕਾਂ ਦੀ ਖੱਜਲ ਖੁਆਰੀ ਵਧੇਗੀ | ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ ਅਗਲੇ ਹੁਕਮਾਂ ਤੱਕ ਪ੍ਰਬੰਧਕੀ ਕੰਮ ਕਾਜ ਲਈ ਸਟਾਫ ਨੂੰ ਤਰਸਿੱਕਾ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ ਪਰ ਨਾਲ ਹੀ ਸਰਕਾਰ ਨੇ ਹਦਾਇਤ ਕੀਤੀ ਕਿ ਇਸ ਬਲਾਕ ਵਿਚ ਕੋਈ ਵੀ ਐਡੀਸ਼ਨਲ ਪੋਸਟ ਨਹੀਂ ਬਣਾਈ ਜਾਵੇਗੀ ਅਤੇ ਕੇਵਲ ਐਡੀਸ਼ਨਲ ਚਾਰਜ ਦਿੱਤਾ ਜਾਵੇਗਾ | ਹਰਦੀਪ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫ਼ੈਸਲਾ ਲੋਕ ਵਿਰੋਧੀ ਹੈ ਅਤੇ ਸਰਕਾਰ ਨੂੰ ਇਸ 'ਤੇ ਪੁਨਰ ਵਿਚਾਰ ਕਰਨਾ ਚਾਹੀਦਾ ਹੈ ਤੇ ਇਸ ਸੰਬੰਧੀ ਜਾਰੀ ਨੋਟੀਫਿਕੇਸ਼ਨ ਤੁਰੰਤ ਵਿਭਾਗ ਨੂੰ ਰੱਦ ਕਰਨਾ ਚਾਹੀਦਾ ਹੈ | ਉਨ੍ਹਾਂ ਆਖਿਆ ਇਸ ਸੰਬੰਧ ਵਿਚ ਉਹ ਜਲਦ ਹੀ ਪੰਜਾਬ ਦੇ ਰਾਜਪਾਲ ਪੰਜਾਬ ਨਾਲ ਮੁਲਾਕਾਤ ਕਰਨਗੇ ਅਤੇ ਇਸ ਫ਼ੈਸਲੇ ਨੂੰ ਰੱਦ ਕਰਵਾਉਣ ਦੀ ਮੰਗ ਕਰਨਗੇ | ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ਦੀਆਂ ਪੰਚਾਇਤਾਂ ਵਲੋਂ ਇਸ ਫ਼ੈਸਲੇ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਜੇਕਰ ਤਰਸਿੱਕਾ ਬਲਾਕ ਖਤਮ ਕਰਕੇ ਇੱਥੋਂ ਦੇ ਪਿੰਡਾਂ ਨੂੰ ਜੰਡਿਆਲਾ ਦੇ ਬਲਾਕ ਨਾਲ ਜੋੜਿਆ ਜਾਂਦਾ ਹੈ ਤਾਂ ਜੰਡਿਆਲਾ ਬਲਾਕ ਉੱਪਰ ਕੰਮ ਕਾਰ ਦਾ ਵਾਧੂ ਬੋਝ ਪਵੇਗਾ | ਉਨ੍ਹਾਂ ਕਿਹਾ ਕਿ ਪੰਚਾਇਤੀ ਵਿਭਾਗ ਤੋਂ ਇਲਾਵਾ ਤਰਸਿੱਕਾ ਬਲਾਕ ਵਿਖੇ ਰੈਵੀਨਿਊ, ਖੇਤੀਬਾੜੀ ਵਿਭਾਗ ਤੇ ਹੋਰ ਮਹਿਕਮੇ ਵੀ ਕੰਮ ਕਰਦੇ ਹਨ ਜਿਸ ਨਾਲ ਲੋਕਾਂ ਨੂੰ ਇੱਕੋ ਹੀ ਜਗ੍ਹਾ ਉੱਪਰ ਰੋਜ਼ ਮਰਾਂ ਦੇ ਕੰਮਾਂ ਲਈ ਦੂਰ ਦੁਰਾਡੇ ਨਹੀਂ ਜਾਣਾ ਪੈਂਦਾ | ਇਸ ਕਰਕੇ ਲੋਕਾਂ ਦੀ ਸਹੂਲਤ ਤੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਨੂੰ ਤਰਸਿੱਕਾ ਬਲਾਕ ਸੰਬੰਧੀ ਜਾਰੀ ਕੀਤੇ ਹੁਕਮ ਤੁਰੰਤ ਵਾਪਸ ਲੈਣੇ ਚਾਹੀਦੇ ਹਨ |