ਬਾਬਾ ਬਕਾਲਾ ਸਾਹਿਬ, 30 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸ: ਜਸਬੀਰ ਸਿੰਘ ਗਿੱਲ ਡਿੰਪਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਨੇ ਇਕ ਨਵਾਂ ਤੁਗਲਕੀ ਫ਼ਰਮਾਨ ਜਾਰੀ ਕੀਤਾ ਹੈ ਜਿਸ ਵਿਚ ਉਹ ਓ. ਯੂ. ਜੀ. ਵੀ. ਐੱਲ. ਅਧੀਨ ਪੰਚਾਇਤਾਂ, ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਜ਼ਮੀਨਾਂ ਵੇਚਣ ਜਾ ਰਹੀ ਹੈ, ਜੋ ਕਿ ਪੰਜਾਬ ਅਤੇ ਪੰਜਾਬੀਅਤ ਨਾਲ ਸ਼ਰੇਆਮ ਧੋਖਾ ਹੈ | ਇਸ ਲੋਕ ਵਿਰੋਧੀ ਫ਼ੈਸਲੇ ਦੀ ਅਸੀਂ ਨਿੰਦਾ ਕਰਦੇ ਹਾਂ ਅਤੇ ਇਸ ਫ਼ੈਸਲੇ ਦਾ ਕਾਂਗਰਸ ਪਾਰਟੀ ਸੜਕ ਤੋਂ ਲੈ ਕੇ ਸੰਸਦ ਤੱਕ ਵਿਰੋਧ ਕਰੇਗੀ | ਸ: ਡਿੰਪਾ ਨੇ ਕਿਹਾ ਕਿ ਇਹ ਜ਼ਮੀਨਾਂ ਪੰਜਾਬ ਸਰਕਾਰ ਦੀਆਂ ਨਹੀਂ | ਇਸ ਜ਼ਮੀਨਾਂ ਦਾ ਹੱਕ ਅਤੇ ਫਾਇਦਾ ਉਸ ਸ਼ਹਿਰ ਜਾਂ ਪਿੰਡ ਦੇ ਲੋਕਾਂ ਨੂੰ ਮਿਲਣਾ ਚਾਹੀਦਾ ਹੈ | ਇਨ੍ਹਾਂ ਜ਼ਮੀਨਾਂ ਤੋਂ ਆਉਣ ਵਾਲੀ ਆਮਦਨ ਨਾਲ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਕਾਰਜ ਹੁੰਦੇ ਹਨ ਅਤੇ ਨਵਾਂ ਪ੍ਰੋਜੈਕਟ ਆਉਂਦਾ ਹੈ, ਜਿਸ ਨਾਲ ਲੋਕਾਂ ਨੂੰ ਲਾਭ ਪਹੁੰਚਦਾ ਹੈ ਉਹੀ ਇੱਥੇ ਲਗਾਇਆ ਜਾ ਸਕਦਾ ਹੈ | ਸ: ਡਿੰਪਾ ਨੇ ਅੱਗੇ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਸੋਚ ਸਮਝ ਕੇ ਜ਼ਮੀਨਾਂ ਛੱਡੀਆਂ ਸਨ ਕਿ ਆਉਣ ਵਾਲਿਆਂ ਪੀੜੀਆਂ ਨੂੰ ਇਸ ਦਾ ਲਾਭ ਮਿਲ ਸਕੇ ਪਰ ਹੁਣ ਪੰਜਾਬ ਸਰਕਾਰ ਨੇ ਪੰਚਾਇਤਾਂ ਤੇ ਕਮੇਟੀਆਂ ਨੂੰ ਇਨ੍ਹਾਂ ਜ਼ਮੀਨਾਂ ਨੂੰ ਵੇਚਣ ਲਈ ਮਤੇ ਪਾਉਣ ਲਈ ਕਿਹਾ ਹੈ ਉਹ ਪੰਜਾਬ ਨਾਲ ਧੋਖਾ ਹੈ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਤੇ ਡਾਕਾ ਹੈ | ਸ: ਜਸਬੀਰ ਸਿੰਘ ਗਿੱਲ ਡਿੰਪਾ ਨੇ ਸਾਰੀਆਂ ਪੰਚਾਇਤਾਂ ਅਤੇ ਕਮੇਟੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਇਹ ਮਤੇ ਨਾ ਪਾਉਣ | ਜਿਹੜਾ ਮੇਅਰ, ਕੌਂਸਲਰ, ਪ੍ਰਧਾਨ, ਸਰਪੰਚ ਜਾਂ ਮੈਂਬਰ ਪੰਚਾਇਤ ਇਨ੍ਹਾਂ ਮਤਿਆਂ 'ਤੇ ਦਸਤਖਤ ਕਰੇਗਾ, ਉਹ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਨਾਲ ਧੋਖਾ ਕਮਾ ਰਿਹਾ ਹੋਵੇਗਾ ਅਤੇ ਉਸਦਾ ਸੋਸ਼ਲ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਹਰਕਿ੍ਸ਼ਨ ਸਿੰਘ ਸਾ: ਡੀ.ਐੱਸ.ਪੀ. ਸਰਪੰਚ ਰਵੀ ਚੀਮਾ, ਪਲਵਿੰਦਰ ਸਿੰਘ ਪੱਪਾ, ਪ੍ਰਭ ਥੋਥੀਆਂ ਅਤੇ ਹੋਰ ਹਾਜ਼ਰ ਸਨ |
'ਆਪ' ਸਰਕਾਰ ਵਲੋਂ ਤੁਗਲਕੀ ਫ਼ਰਮਾਨ ਰਾਹੀਂ ਪੰਜਾਬ ਦੇ ਲੋਕਾਂ ਦੇ ਹਿੱਤਾਂ 'ਤੇ ਡਾਕਾ ਨਹੀਂ ਮਾਰਨ ਦਿਆਂਗੇ : ਜਸਬੀਰ ਸਿੰਘ ਡਿੰਪਾ
ਅਜੀਤ ਡੈਸਕ
31-08-2025