ਅਜਨਾਲਾ/ਚਮਿਆਰੀ, 30 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ, ਜਗਪ੍ਰੀਤ ਸਿੰਘ ਢਿੱਲੋਂ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲੱਗਦੇ ਸਰਹੱਦੀ ਹਲਕਾ ਅਜਨਾਲਾ ਅੰਦਰ ਆਏ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਸੇਵਾ ਕਾਰਜ ਨਿਭਾਉਣ ਵਾਲੇ ਪੰਜਾਬ ਦੇ ਸਾਬਕਾ ਮੰਤਰੀ ਤੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਵਤੀਰਾ ਸ਼ੁਰੂ ਤੋਂ ਹੀ ਪੰਜਾਬ ਨਾਲ ਮਤਰੇਈ ਮਾਂ ਵਰਗਾ ਰਿਹਾ ਹੈ ਅਤੇ ਹੁਣ ਹੜ੍ਹਾਂ ਦੇ ਸਮੇਂ ਵੀ ਕੇਂਦਰ ਨੇ ਪੰਜਾਬ ਲਈ ਕੋਈ ਕੁਝ ਨਹੀਂ ਕੀਤਾ, ਇਨ੍ਹਾਂ ਦੇ ਲੀਡਰ ਕੇਵਲ ਸੈਰਾਂ ਕਰਕੇ ਇੱਥੋ ਕੂਚ ਕਰ ਜਾਂਦੇ ਹਨ | ਸ: ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬੀ. ਐੱਸ. ਐੱਫ. ਦਾ ਘੇਰਾ ਤਾਂ 50 ਕਿਲੋਮੀਟਰ ਕਰ ਦਿੱਤਾ ਹੈ ਪਰ ਹੁਣ ਹੜ੍ਹਾਂ ਦੀ ਸਥਿਤੀ ਵਿਚ ਕੇਂਦਰ ਤੋਂ ਸਾਡੀ ਬਾਂਹ ਫੜਣ ਲਈ ਕੋਈ ਵੀ ਨਹੀਂ ਆਇਆ | ਉਨ੍ਹਾਂ ਕਿਹਾ ਕਿ ਇਸ ਸਮੇਂ ਸਾਡੇ ਹਾਲਾਤ ਬਹੁਤ ਮਾੜੇ ਹਨ ਘਰਾਂ ਦੇ ਘਰ ਡੁੱਬ ਚੁੱਕੇ ਹਨ, ਪਾਣੀ ਦੀ ਲਪੇਟ ਵਿਚ ਆਉਣ ਨਾਲ ਮਰ ਚੁੱਕੇ ਹਨ | ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੇ ਨੇਤਾਂ ਕੇਵਲ ਗੱਲਾਂ ਕਰਨ ਲਈ ਇਥੇ ਆਏ ਅਤੇ ਗੱਲਾਂ ਕਰਕੇ ਹੀ ਚਲੇ ਗਏ | ਉਨ੍ਹਾਂ ਕਿਹਾ ਕਿ ਗੱਲਾਂ ਨਾਲ ਕੁਝ ਨਹੀਂ ਹੋਣਾ ਜੇਕਰ ਕਰਨਾ ਹੈ ਤਾਂ ਪੰਜਾਬ ਲਈ ਕੋਈ ਵਿਸ਼ੇਸ਼ ਪੈਕੇਜ ਲੈ ਕੇ ਆਓ |