ਰੂਪਨਗਰ, 9 ਦਸੰਬਰ (ਸਤਨਾਮ ਸਿੰਘ ਸੱਤੀ)-ਗੁਰਦੁਆਰਾ ਟਿੱਬੀ ਸਾਹਿਬ ਹੈੱਡ ਦਰਬਾਰ ਰੂਪਨਗਰ ਵਲੋਂ ਹੜ੍ਹਾਂ ਕਾਰਨ ਨੁਕਸਾਨ ਝੱਲ ਰਹੇ ਡੇਰਾ ਬਾਬਾ ਨਾਨਕ ਤੇ ਆਸ-ਪਾਸ ਦੇ ਖੇਤਰਾਂ ਦੇ ਕਿਸਾਨਾਂ ਦੀ ਮਦਦ ਲਈ ਚਾਰ ਟਰੱਕ ਯੂਰੀਆ ਖਾਦ ਰਵਾਨਾ ਕੀਤੇ ਗਏ | ਗੁਰੂਘਰ ਵਲੋਂ ਦੋ ਟਰੱਕ ਅਜਨਾਲਾ ਤੇ ਦੋ ਟਰੱਕ ਡੇਰਾ ਬਾਬਾ ਨਾਨਕ ਲਈ ਭੇਜੇ ਗਏ, ਜਿਨ੍ਹਾਂ 'ਚ ਨਵੇਂ ਗੱਦੇ ਵੀ ਸ਼ਾਮਿਲ ਸਨ | ਇਸ ਮੌਕੇ ਬਲਾਚੌਰ ਦੀ ਐਸ. ਡੀ. ਐਮ. ਮੈਡਮ ਰਿਤਿਕਾ ਗੋਇਲ ਆਈ. ਏ. ਐਸ., ਸਮਾਜ ਸੇਵੀ ਅਮਰਜੀਤ ਸਿੰਘ ਭੁੱਲਰ, ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੌਂਸਲਰ ਗੁਰਮੁਖ ਸਿੰਘ ਸੈਣੀ, ਸੁਖਪਾਲ ਸਿੰਘ ਸੁੱਖੀ, ਸੱਜਣ ਸਿੰਘ ਸਮੇਤ ਕਈ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ | ਬਾਬਾ ਅਵਤਾਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਹੈੱਡ ਦਰਬਾਰ ਟਿੱਬੀ ਸਾਹਿਬ ਵਲੋਂ ਹੁਣ ਤੱਕ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਕਲੱਬਾਂ ਤੇ ਸਮਾਜ ਸੇਵੀ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਕੁੱਲ 65 ਟਰੱਕ ਹੜ੍ਹ-ਪ੍ਰਭਾਵਿਤ ਖੇਤਰਾਂ ਲਈ ਭੇਜੇ ਜਾ ਚੁੱਕੇ ਹਨ | ਇਨ੍ਹਾਂ ਟਰੱਕਾਂ 'ਚ ਬੀਜ, ਦਵਾਈਆਂ, ਗੱਦੇ, ਪਸ਼ੂਆਂ ਲਈ ਚਾਰਾ, 100 ਬੋਰੀਆਂ ਬੀਜ, ਦੋ ਪਿੰਡਾਂ ਲਈ ਟਰੈਕਟਰਾਂ ਦੇ ਡੀਜ਼ਲ ਦੀ ਨਕਦ ਸਹਾਇਤਾ ਤੇ ਸ੍ਰੀ ਚਮਕੌਰ ਸਾਹਿਬ ਨੇੜੇ ਦਾਊਦਪੁਰ ਪਿੰਡ 'ਚ ਸਤਲੁਜ ਦਾ ਬੰਨ੍ਹ ਠੀਕ ਕਰਨ ਲਈ 1 ਲੱਖ ਰੁਪਏ ਦੀ ਨਕਦ ਰਾਸ਼ੀ ਵੀ ਸ਼ਾਮਿਲ ਹੈ | ਬਾਬਾ ਅਵਤਾਰ ਸਿੰਘ ਨੇ ਇਹ ਵੀ ਦੱਸਿਆ ਕਿ ਗੁਰੂ ਘਰ ਵਲੋਂ ਲਗਾਤਾਰ ਲੰਗਰ ਸੇਵਾ ਜਾਰੀ ਹੈ ਤੇ ਜ਼ਰੂਰਤਮੰਦਾਂ ਤੱਕ ਖ਼ੁਰਾਕ, ਦਵਾਈਆਂ ਅਤੇ ਹੋਰ ਸਹਾਇਤਾ ਨਿਰੰਤਰ ਪਹੁੰਚਾਈ ਜਾ ਰਹੀ ਹੈ | ਉਨ੍ਹਾਂ ਨੇ ਨਵਾਂ ਸ਼ਹਿਰ ਤੇ ਰੂਪਨਗਰ ਦੇ ਪ੍ਰਸ਼ਾਸਨ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਖਾਦ ਦੀ ਉਪਲਬਧਤਾ ਤੇ ਸਮੇਂ-ਸਮੇਂ 'ਤੇ ਹੋਰ ਲੋੜੀਂਦੀ ਮਦਦ ਵਿਚ ਪੂਰਾ ਸਹਿਯੋਗ ਦਿੱਤਾ | ਨਾਲ ਹੀ ਸ਼ੇਰੇ ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ, ਗੁਰਮੁਖ ਸਿੰਘ ਸੈਣੀ ਤੇ ਇਲਾਕੇ ਦੇ ਵੱਡੀ ਗਿਣਤੀ ਯੋਗ ਦਾਨੀਆਂ ਦਾ ਵੀ ਧੰਨਵਾਦ ਕੀਤਾ |