ਨੂਰਪੁਰ ਬੇਦੀ, 4 ਦਸੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੂਰਪੁਰ ਬੇਦੀ ਵਿਖੇ ਵਿਦਿਆਰਥੀਆਂ ਵਲੋਂ ਸਟਾਫ਼ ਨਾਲ ਮਿਲ ਕੇ ਨੇਵੀ ਦਿਵਸ ਮਨਾਇਆ | ਸਕੂਲ ਦੇ ਵਿਦਿਆਰਥੀਆਂ ਨੂੰ ਸਮੁੰਦਰੀ ਫ਼ੌਜ ਦੀ ਮਹੱਤਤਾ ਅਤੇ ਦੇਸ਼ ਭਗਤੀ ਦੇ ਰੂਪ 'ਚ ਭਾਰਤੀ ਨੇਵੀ ਦੀ ਸੇਵਾ ਕਰਨ ਸੰਬੰਧੀ ਅਹਿਮ ਜਾਣਕਾਰੀ ਦਿੱਤੀ ਗਈ | ਸਮਾਗਮ ਦੌਰਾਨ ਸਕੂਲ ਦੇ ਲਾਇਬ੍ਰੇਰੀਅਨ ਧਰਮਿੰਦਰ ਕੁਮਾਰ ਜੋ ਖੁੱਦ ਨੇਵੀ 'ਚ ਸੇਵਾ ਨਿਭਾਅ ਚੁੱਕੇ ਹਨ, ਨੇ ਨੌਕਰੀ ਦੇ ਤਜ਼ਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਨੇਵੀ ਦੀਆਂ ਖ਼ਾਸ ਭੂਮਿਕਾਵਾਂ ਬਾਰੇ ਵਿਸਥਾਰਪੂਰਵਕ ਦੱਸਿਆ | ਉਨ੍ਹਾਂ ਸਮੁੰਦਰੀ ਜਹਾਜ਼ਾਂ ਦੀ ਚੋਣ ਤੇ ਦੇਸ਼ ਦੀਆਂ ਸੀਮਾਵਾਂ ਦੀ ਰੱਖਿਆ 'ਚ ਨੇਵੀ ਦੇ ਜਵਾਨਾਂ ਵਲੋਂ ਨਿਭਾਈ ਜਾ ਰਹੀ ਭੂਮਿਕਾ ਸੰਬੰਧੀ ਚਾਨਣਾ ਪਾਇਆ | ਉਨ੍ਹਾਂ ਵਿਦਿਆਰਥੀਆਂ ਨੂੰ ਨੇਵੀ 'ਚ ਭਰਤੀ ਹੋਣ ਦੇ ਟਿੱਪਸ, ਪ੍ਰਭਾਵੀ ਤਰੀਕਿਆਂ ਤੇ ਕਰੀਅਰ ਸੰਭਾਵਨਾਵਾਂ ਦੀ ਵੀ ਅਹਿਮ ਜਾਣਕਾਰੀ ਦਿੱਤੀ | ਸਕੂਲ ਦੇ ਕਾਰਜਕਾਰੀ ਪਿ੍ੰਸੀਪਲ ਅਨਿਲ ਕੁਮਾਰ ਨੇ ਵੀ ਨੇਵੀ ਦਿਵਸ ਦੀ ਵਧਾਈ ਦਿੰਦਿਆਂ ਬੱਚਿਆਂ ਨੂੰ ਦੇਸ਼ ਸੇਵਾ ਤੇ ਭਗਤੀ ਦੇ ਆਦਰਸ਼ਾਂ ਬਾਰੇ ਸਮਝਾਇਆ | ਇਸ ਮੌਕੇ ਬੱਚਿਆਂ ਨੂੰ ਨੇਵੀ ਪ੍ਰਤੀ ਉਤਸਾਹਿਤ ਕਰਨ ਲਈ ਵੱਖ-ਵੱਖ ਖੇਡਾਂ, ਸੂਚਨਾ ਸੈਸ਼ਨ ਤੇ ਹੋਰ ਗਤੀਵਿਧੀਆਂ ਵੀ ਕਰਵਾਈਆਂ ਗਈਆਂ |