ਨੰਗਲ, 4 ਦਸੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਇਲਾਕੇ ਦੇ ਲੋਕਾਂ ਦੀ 'ਲਾਈਫ਼ ਲਾਈਨ' ਨੰਗਲ-ਭਾਖੜਾ ਮੁੱਖ ਸੜਕ ਨਾ ਖੁੱਲ੍ਹਣ ਕਾਰਨ ਲੋਕ ਅੰਤਾਂ ਦਾ ਮਾਨਸਿਕ ਸੰਤਾਪ ਹੰਢਾਅ ਰਹੇ ਹਨ | ਮੋਹਲੋਧਾਰ ਮੀਂਹ ਤੇ ਢਿਗਾਂ ਡਿੱਗਣ ਕਾਰਨ ਇਹ ਸੜਕ 31 ਅਗਸਤ ਤੋਂ ਬੰਦ ਹੈ | ਸੜਕ ਬੰਦ ਹੋਣ ਕਾਰਨ ਵਪਾਰੀਆਂ ਦਾ ਵਪਾਰ ਅੱਧਾ ਰਹਿ ਗਿਆ ਹੈ | ਭਾਖੜਾ ਡੈਮ ਸਥਿਤ ਮੱਛੀ ਦਾ ਕਾਰੋਬਾਰ ਕਰਨ ਵਾਲੇ ਪ੍ਰੇਸ਼ਾਨ ਹਨ | ਪਿੰਡ ਗੋਲਥਾਈ 'ਚ ਚਾਹ ਤੇ ਸਬਜ਼ੀ ਦਾ ਕੰਮ ਕਰਦੇ ਸੰਜੂ ਨੇ ਦੱਸਿਆ ਕਿ ਕੰਮ ਅੱਧਾ ਰਹਿ ਗਿਆ ਹੈ | ਭਾਖੜਾ ਪੰਚਾਇਤ ਦੇ ਪ੍ਰਧਾਨ ਪ੍ਰਭਾਤ ਚੰਦੇਲ, ਸਰਬਜੀਤ ਗਰੇਵਾਲ ਪਿੰਡ ਕਾਲਾ ਕੁੰਡ, ਆਰ. ਟੀ. ਆਈ. ਕਾਰਕੁੰਨ ਯੋਗੇਸ਼ ਸੱਚਦੇਵਾ ਨੇ ਦੱਸਿਆ ਕਿ ਇਹ ਬੜੇ ਹੀ ਦੁੱਖ ਦੀ ਗੱਲ ਹੈ, ਸੜਕ ਖੁੱਲ੍ਹਣ 'ਚ ਬੇਲੋੜੀ ਦੇਰੀ ਹੋ ਰਹੀ ਹੈ | ਸੁਰੱਖਿਆ ਪੱਖੋਂ ਅਹਿਮ ਮਾਰਗ ਦਾ ਲੰਬਾਂ ਸਮਾਂ ਬੰਦ ਰਹਿਣਾ ਕਈ ਸਵਾਲ ਖੜ੍ਹੇ ਕਰਦਾ ਹੈ | ਬੇਸ਼ੱਕ ਭਾਖੜਾ ਬਿਆਸ ਪ੍ਰਬੰਧ ਬੋਰਡ ਨੇ ਸਰਕਾਰੀ ਬੱਸਾਂ/ ਨਿੱਜੀ ਬੱਸਾਂ ਤੇ ਸੀਮਿਤ ਲੋਕਾਂ ਨੂੰ ਬਦਲਵੇਂ ਪ੍ਰਬੰਧ ਵਜੋਂ ਭਾਖੜਾ ਡੈਮ ਦੇ ਉੱਤੇ ਲੰਘ ਕੇ ਨੈਣਾਂ ਦੇਵੀ ਰੋਡ ਵੱਲ ਜਾਣ ਦੀ ਆਗਿਆ ਦਿੱਤੀ ਹੈ, ਪਰ ਇਹ ਸਹੂਲਤ ਪ੍ਰੇਸ਼ਾਨੀ ਵਧਾਉਣ ਵਾਲੀ ਹੈ | ਭਾਖੜਾ ਡੈਮ ਦੀ ਸੁਰੱਖਿਆ ਸਖ਼ਤ ਹੈ ਤੇ ਸੀ. ਆਈ. ਐਸ. ਐਫ. ਸਥਾਨਕ ਲੋਕਾਂ ਨੂੰ ਵੀ ਵਾਪਸ ਮੋੜ ਦਿੰਦੀ ਹੈ | ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਸੂਤਰਾਂ ਨੇ ਦੱਸਿਆ ਕਿ ਨੰਗਲ-ਭਾਖੜਾ ਮੁੱਖ ਸੜਕ 15 ਜਨਵਰੀ ਮਗਰੋਂ ਹੀ ਖੁੱਲੇ੍ਹਗੀ | ਬੀ. ਬੀ. ਐਮ. ਬੀ. ਸਟਾਫ਼ ਦੀ ਕਮੀ ਨਾਲ ਜੂਝ ਰਿਹਾ ਹੈ ਤੇ ਹਰ ਕੰਮ ਠੇਕੇ 'ਤੇ ਹੋ ਰਿਹਾ ਹੈ | ਕਾਲਾ ਕੁੰਡ ਪਿੰਡ ਲਾਗੇ ਸੜਕ ਦੀ ਹਾਲਤ ਜ਼ਿਆਦਾ ਖਸਤਾ ਹੈ | ਬੀ. ਬੀ. ਐਮ. ਬੀ. ਵਲੋਂ ਮਲਬੇ ਨਾਲ ਭਰੀ ਡਰੇਨ ਵੀ ਸਾਫ਼ ਕੀਤੀ ਜੀ ਰਹੀ ਹੈ | ਚੇਤੇ ਰੇਹ ਕਿ ਥਾਂ-ਥਾਂ 'ਤੋਂ ਨਾ ਸਿਰਫ਼ ਸੁਰੱਖਿਆ ਡੰਗੇ ਟੁੱਟ ਗਏ ਹਨ ਸਗੋਂ ਥਾਂ ਥਾਂ 'ਤੇ ਅਜੇ ਵੀ ਮਲਬਾ ਤੇ ਮਿੱਟੀ ਬਿਖਰੀ ਪਈ ਹੈ |