ਮੋਰਿੰਡਾ, 3 ਦਸੰਬਰ (ਤਰਲੋਚਨ ਸਿੰਘ ਕੰਗ)-ਪਿੰਡ ਕਲਾਰਾਂ ਦੀ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ-ਕਰਮਚਾਰੀਆਂ ਵਲੋਂ ਪਿੰਡ ਵਿਚ ਚਿੱਪ ਵਾਲੇ ਮੀਟਰ ਲਗਾਉਣ ਦੀ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਕੁਲਵਿੰਦਰ ਸਿੰਘ ਅਤੇ ਬਹਾਦਰ ਸਿੰਘ ਕਿਸਾਨ ਆਗੂ ਨੇ ਦੱਸਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦੇ ਦਾਅਵੇ ਕਰ ਰਹੀ ਹੈ, ਜਦਕਿ ਦੂਜੇ ਪਾਸੇ ਚਿੱਪ ਵਾਲੇ ਮੀਟਰ ਲਗਾ ਕੇ ਇਸ ਸਹੂਲਤ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਜੇ ਮੀਟਰ ਬਦਲਣ ਰਾਹੀਂ ਬਿਜਲੀ ਦੀ ਖਪਤ ਨੂੰ ਵੱਖਰੇ ਤਰੀਕੇ ਨਾਲ ਦਰਜ ਕੀਤਾ ਜਾਵੇਗਾ ਤਾਂ ਭਵਿੱਖ ਵਿਚ ਬਿਲ ਵਧਣ ਅਤੇ ਛੋਟਾਂ ਦੇ ਘਟਣ ਦਾ ਖ਼ਤਰਾ ਵਧ ਜਾਵੇਗਾ | ਜਿਸ ਨਾਲ ਆਮ ਲੋਕਾਂ 'ਤੇ ਆਰਥਿਕ ਬੋਝ ਪਵੇਗਾ | ਪਿੰਡ ਵਾਸੀਆਂ ਨੇ ਦੱਸਿਆ ਕਿ ਪੀ.ਐੱਸ.ਪੀ.ਸੀ.ਐੱਲ. ਦੇ ਕਰਮਚਾਰੀ ਬਿਨਾਂ ਸਰਪੰਚ ਦੀ ਮਨਜ਼ੂਰੀ ਅਤੇ ਲੋਕਾਂ ਨੂੰ ਸੂਚਿਤ ਕੀਤੇ ਬਿਨਾਂ ਹੀ ਪਹਿਲਾਂ ਤੋਂ ਲੱਗੇ ਮੀਟਰਾਂ ਨੂੰ ਹਟਾ ਕੇ ਚਿੱਪ ਵਾਲੇ ਨਵੇਂ ਮੀਟਰ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ | ਇਸੇ ਸਬੰਧੀ ਬਿਜਲੀ ਬੋਰਡ ਦੇ ਐੱਸ.ਡੀ.ਓ. ਜਸਨੂਰ ਸਿੰਘ ਬਰਾੜ ਨੇ ਦੱਸਿਆ ਕਿ ਚਿੱਪ ਵਾਲੇ ਮੀਟਰ ਲਗਾਉਣ ਦਾ ਉਦੇਸ਼ ਖਪਤ ਦੀ ਸਹੀ ਮਾਨੀਟਰਿੰਗ, ਬਿਜਲੀ ਚੋਰੀ 'ਤੇ ਨਿਯੰਤਰਨ ਅਤੇ ਬਿਜਲੀ ਪ੍ਰਣਾਲੀ ਨੂੰ ਆਧੁਨਿਕ ਬਣਾਉਣਾ ਹੈ | ਚਿੱਪ ਵਾਲੇ ਮੀਟਰਾਂ ਨਾਲ ਲੋਕਾਂ 'ਤੇ ਕੋਈ ਵਾਧੂ ਆਰਥਿਕ ਬੋਝ ਨਹੀਂ ਪਵੇਗਾ |