ਰੂਪਨਗਰ, 3 ਦਸੰਬਰ (ਸਤਨਾਮ ਸਿੰਘ ਸੱਤੀ)-ਧਾਰਮਿਕ ਖੇਤਰ ਤੇ ਸਮਾਜ ਸੇਵਾ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਗੁਰੂ ਘਰ ਗੁਰਦੁਆਰਾ ਟਿੱਬੀ ਸਾਹਿਬ ਹੈੱਡ ਦਰਬਾਰ ਨੂੰ ਪ੍ਰਸਿੱਧ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਟੀਮ ਵਲੋਂ ਸੋਨਾਲੀਕਾ ਕੰਪਨੀ ਦਾ ਇਕ ਨਵਾਂ ਟਰੈਕਟਰ ਭੇਟ ਕੀਤਾ ਗਿਆ | ਮਨਕੀਰਤ ਔਲਖ ਦੀ ਟੀਮ ਦੇ ਪ੍ਰਮੁੱਖ ਮੈਂਬਰ ਸਿਮਰਨਜੀਤ ਸਿੰਘ ਹੁੰਦਲ (ਚੱਪੜ ਚਿੜੀ) ਆਪਣੇ ਪਰਿਵਾਰਕ ਮੈਂਬਰਾਂ ਕੁਲਵੰਤ ਸਿੰਘ ਰਾਜੂ ਥਲੀ, ਪਲਵਿੰਦਰ ਕੌਰ ਰਾਣੀ ਤੇ ਹੋਰ ਸਾਥੀਆਂ ਸਮੇਤ ਗੁਰੂ ਘਰ ਪਹੁੰਚੇ | ਇਥੇ ਉਨ੍ਹਾਂ ਨੇ ਟਰੈਕਟਰ ਨੂੰ ਗੁਰਦੁਆਰਾ ਟਿੱਬੀ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਅਵਤਾਰ ਸਿੰਘ ਦੇ ਸਪੁਰਦ ਕੀਤਾ | ਸਿਮਰਨਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਮਨਕੀਰਤ ਔਲਖ ਦੀ ਟੀਮ ਵਲੋਂ ਪਹਿਲਾਂ ਵੀ ਔਖੇ ਸਮਿਆਂ 'ਚ ਲੋਕਾਂ ਦੀ ਮਦਦ ਕਰਨ ਵਾਲੀਆਂ ਧਾਰਮਿਕ ਸੰਸਥਾਵਾਂ ਨੂੰ ਟਰੈਕਟਰ ਭੇਟ ਕੀਤੇ ਗਏ ਹਨ | ਇਸੇ ਸੇਵਾ ਪ੍ਰਵਾਹ ਨੂੰ ਜਾਰੀ ਰੱਖਦਿਆਂ ਗੁਰਦੁਆਰਾ ਟਿੱਬੀ ਸਾਹਿਬ ਨੂੰ ਵੀ ਇਕ ਨਵਾਂ ਟਰੈਕਟਰ ਸਮਰਪਿਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਮਦਦ ਲਈ ਗੁਰਦੁਆਰਾ ਟਿੱਬੀ ਸਾਹਿਬ ਦਾ ਯੋਗਦਾਨ ਹਮੇਸ਼ਾ ਸਿਰਮੌਰ ਰਿਹਾ ਹੈ | ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਨੇ ਮਨਕੀਰਤ ਔਲਖ ਦੀ ਟੀਮ ਤੇ ਖ਼ਾਸ ਕਰਕੇ ਸਿਮਰਨਜੀਤ ਸਿੰਘ ਹੁੰਦਲ, ਕੁਲਵੰਤ ਸਿੰਘ ਰਾਜੂ ਤੇ ਪਲਵਿੰਦਰ ਕੌਰ ਰਾਣੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਅਸੀਸਾਂ ਬਖ਼ਸ਼ੀਆਂ | ਸਮਾਗਮ ਦੌਰਾਨ ਸੱਜਣ ਸਿੰਘ, ਗੁਰਪ੍ਰੀਤ ਸਿੰਘ ਲੱਕੀ, ਅਮਰਦੀਪ ਸਿੰਘ ਦੀਪੂ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ |