ਸ੍ਰੀ ਅਨੰਦਪੁਰ ਸਾਹਿਬ, 24 ਨਵੰਬਰ (ਪੱਤਰ ਪ੍ਰੇਰਕ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪ੍ਰਸ਼ਾਸਨ ਨੂੰ ਸੰਦੇਸ਼ ਦੇਂਦੇ ਹੋਏ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਸਿੱਖ ਪੰਥ ਦਾ ਘਰ ਹੈ ਅਤੇ ਇੱਥੇ ਆਉਣ ਵਾਲੀ ਸੰਗਤ ਨੂੰ ਨਾਕਿਆਂ 'ਤੇ ਰੋਕਣ ਜਾਂ ਕਿਸੇ ਤਰ੍ਹਾਂ ਦੀ ਤਕਲੀਫ਼ ਦੇਣ ਦੀ ਕੋਈ ਲੋੜ ਨਹੀਂ | ਉਨ੍ਹਾਂ ਕਿਹਾ ਕਿ ਉਹ ਖੁਦ ਅਨੰਦਪੁਰ ਸਾਹਿਬ ਦੇ ਵਾਸੀ ਹਨ ਅਤੇ ਬਿਨਾਂ ਕਿਸੇ ਡਰ ਜਾਂ ਭੈਅ ਦੇ ਹਰ ਸੰਗਤ ਨੂੰ ਇੱਥੇ ਆਉਣ ਦਾ ਪੂਰਾ ਹੱਕ ਹੈ | ਉਨ੍ਹਾਂ ਨੇ ਪ੍ਰਸ਼ਾਸਨ ਨੂੰ ਸਖ਼ਤ ਸਨੇਹਾ ਦਿੰਦਿਆਂ ਕਿਹਾ ਕਿ ਜੇ ਸੰਗਤ ਨੂੰ ਕਿਸੇ ਵੀ ਨਾਕੇ 'ਤੇ ਰੋਕਿਆ ਜਾਂ ਤਲਖੀ ਦਿਖਾਈ ਗਈ ਤਾਂ ਉਹ ਖੁਦ ਉਸ ਥਾਂ 'ਤੇ ਜਾਣਗੇ | ਜਥੇਦਾਰ ਗੜਗੱਜ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਜੋ ਵੀ ਸਰਕਾਰੀ ਪ੍ਰਬੰਧ ਚੱਲ ਰਹੇ ਹਨ ਉਹ ਆਪਣੀ ਜਗ੍ਹਾ ਤੇ ਹਨ, ਸੰਗਤ ਨੂੰ ਕੇਸਗੜ੍ਹ ਸਾਹਿਬ ਅਤੇ ਸੀਸਗੰਜ ਸਾਹਿਬ ਆਉਣ ਵਿਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਧਿਕਾਰੀਆਂ ਨੂੰ ਇਹ ਦਿਸ਼ਾ ਨਿਰਦੇਸ਼ ਜਾਰੀ ਹੋਵੇ ਕਿ ਸੰਗਤ ਨਾਲ ਪਿਆਰ ਅਤੇ ਸਨਮਾਨ ਨਾਲ ਗੱਲ ਕੀਤੀ ਜਾਵੇ | ਉਨ੍ਹਾਂ ਪੰਥਕ ਸੰਗਤਾਂ ਨੂੰ ਵੀ ਬੇਨਤੀ ਕੀਤੀ ਕਿ 350 ਸਾਲਾਂ ਸ਼ਹੀਦੀ ਸ਼ਤਾਬਦੀ ਸਮਾਗਮਾਂ ਵਿਚ ਵੱਡੀ ਗਿਣਤੀ ਵਿਚ ਹਾਜ਼ਰੀ ਭਰਨ | ਇਸ ਮੌਕੇ ਸੰਗਤਾਂ ਦੀ ਵੱਡੀ ਗਿਣਤੀ ਵਿਚ ਹਾਜ਼ਰ ਸਨ |