ਰੂਪਨਗਰ, 21 ਅਕਤੂਬਰ (ਸਤਨਾਮ ਸਿੰਘ ਸੱਤੀ)-ਵਿਸ਼ਵ ਪੱਧਰ 'ਤੇ ਮਨਾਏ ਜਾਣ ਵਾਲੇ ਗਲੋਬਲ ਆਇਓਡਿਨ ਡੀਫ਼ੀਸ਼ੈਂਸੀ ਡਿਸਆਰਡਰ ਦਿਵਸ (ਭਾਵ ਆਓਡੀਨ ਦੀ ਕਮੀ ਕਾਰਨ ਹੁੰਦੀਆਂ ਬਿਮਾਰੀਆਂ) ਦੇ ਮੌਕੇ 'ਤੇ ਅੱਜ ਗੌਰਮਿੰਟ ਸਕੂਲ ਆਫ਼ ਨਰਸਿੰਗ, ਰੂਪਨਗਰ ਵਿਚ ਸਿਹਤ ਵਿਭਾਗ ਵਲੋਂ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਦੀ ਅਗਵਾਈ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਨਵਰੂਪ ਕੌਰ ਨੇ ਕੀਤੀ | ਸੈਮੀਨਾਰ ਵਿਚ ਨਰਸਿੰਗ ਵਿਦਿਆਰਥਣਾਂ, ਅਧਿਆਪਕਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਹਿੱਸਾ ਲਿਆ | ਡਾ. ਨਵਰੂਪ ਕੌਰ ਨੇ ਕਿਹਾ ਕਿ ਆਇਓਡਿਨ ਦੀ ਕਮੀ ਇੱਕ ਗੰਭੀਰ ਸਿਹਤ ਸਮੱਸਿਆ ਹੈ, ਜੋ ਗਲੇ ਦੀ ਗੰਢ (ਗੋਇਟਰ), ਬੁੱਧੀ ਘਾਟ ਅਤੇ ਬੱਚਿਆਂ ਦੇ ਮਾਨਸਿਕ ਵਿਕਾਸ ਵਿਚ ਰੁਕਾਵਟ ਦਾ ਕਾਰਣ ਬਣ ਸਕਦੀ ਹੈ | ਉਨ੍ਹਾਂ ਕਿਹਾ ਕਿ ਹਰ ਘਰ ਵਿਚ ਆਇਓਡਿਨ ਮਿਲੇ ਪੈਕ ਲੂਣ ਦੀ ਹੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਅਤੇ ਖੁੱਲ੍ਹੇ ਲੂਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਉਸ ਵਿਚ ਆਇਓਡਿਨ ਦੀ ਮਾਤਰਾ ਘੱਟ ਜਾਂ ਖ਼ਤਮ ਹੋ ਜਾਂਦੀ ਹੈ | ਉਨ੍ਹਾਂ ਵਿਦਿਆਰਥਣਾਂ ਨੂੰ ਦੱਸਿਆ ਕਿ ਭਾਰਤ ਸਰਕਾਰ ਦਾ ਨੈਸ਼ਨਲ ਆਇਓਡਿਨ ਡੀਫ਼ੀਸ਼ੈਂਸੀ ਡਿਸਆਰਡਰਜ਼ ਕੰਟਰੋਲ ਪ੍ਰੋਗਰਾਮ ਲੋਕਾਂ ਵਿਚ ਆਇਓਡਿਨ ਵਾਲੇ ਲੂਣ ਦੇ ਪ੍ਰਚਾਰ ਲਈ ਲਗਾਤਾਰ ਕੰਮ ਕਰ ਰਿਹਾ ਹੈ | ਨਰਸਿੰਗ ਸਕੂਲ ਦੀ ਡਾ. ਹਰਲੀਨ ਕੌਰ ਨੇ ਕਿਹਾ ਕਿ ਸਿਹਤ ਜਾਗਰੂਕਤਾ ਪ੍ਰੋਗਰਾਮ ਵਿਦਿਆਰਥਣਾਂ ਲਈ ਮਹੱਤਵਪੂਰਣ ਹਨ ਕਿਉਂਕਿ ਇਹ ਅਗਲੇ ਪੜਾਅ 'ਤੇ ਲੋਕਾਂ ਤੱਕ ਸਿਹਤ ਸੰਦੇਸ਼ ਪਹੁੰਚਾਉਣ ਦਾ ਸਾਧਨ ਬਣਦੀਆਂ ਹਨ | ਉਨ੍ਹਾਂ ਨੇ ਆਇਓਡਿਨ ਦੇ ਸਰੋਤਾਂ ਸਮੁੰਦਰੀ ਮੱਛੀ, ਦੁੱਧ, ਅੰਡੇ, ਹਰੀਆਂ ਸਬਜ਼ੀਆਂ ਅਤੇ ਆਇਓਡਿਨ ਵਾਲੇ ਲੂਣ ਬਾਰੇ ਵੀ ਜਾਣਕਾਰੀ ਦਿੱਤੀ | ਸਮਾਰੋਹ ਦੇ ਅੰਤ ਵਿਚ ਸਾਰੇ ਹਾਜ਼ਰ ਅਧਿਆਪਕਾਂ ਅਤੇ ਵਿਦਿਆਰਥਣਾਂ ਨੇ 'ਆਇਓਡਿਨ ਮਿਲੇ ਲੂਣ ਦੀ ਵਰਤੋਂ ਕਰੋ, ਸਿਹਤਮੰਦ ਜੀਵਨ ਜੀਓ' ਦੇ ਸੰਦੇਸ਼ ਨਾਲ ਸੈਮੀਨਾਰ ਸਮਾਪਤ ਕੀਤਾ |