ਰੂਪਨਗਰ, 21 ਅਕਤੂਬਰ (ਸਤਨਾਮ ਸਿੰਘ ਸੱਤੀ)-ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਯਾਦ ਵਿਚ ਅੱਜ ਪੁਲਿਸ ਸ਼ਹੀਦੀ ਯਾਦਗਾਰੀ ਦਿਵਸ ਪੁਲਿਸ ਲਾਈਨ ਰੂਪਨਗਰ ਵਿਖੇ ਮਨਾਇਆ ਗਿਆ | ਸਮਾਰੋਹ ਦੀ ਅਗਵਾਈ ਐੱਸ.ਐੱਸ.ਪੀ. ਰੂਪਨਗਰ ਨੇ ਕੀਤੀ, ਜਦਕਿ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਇਸ ਮੌਕੇ ਐੱਸ.ਅੱੈਸ.ਪੀ. ਰੂਪਨਗਰ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਸ਼ਾਨਦਾਰ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ, ਜਿਨ੍ਹਾਂ ਨੇ ਦੇਸ਼ ਦੀ ਏਕਤਾ ਅਤੇ ਸੂਬੇ ਦੀ ਸ਼ਾਂਤੀ ਲਈ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ | ਉਨ੍ਹਾਂ ਕਿਹਾ ਕਿ ਵਿਭਾਗ ਹਮੇਸ਼ਾ ਸ਼ਹੀਦ ਪਰਿਵਾਰਾਂ ਦੇ ਨਾਲ ਖੜ੍ਹਾ ਹੈ ਅਤੇ ਪੁਲਿਸ ਜਵਾਨਾਂ ਨੂੰ ਚਾਹੀਦਾ ਹੈ, ਕਿ ਉਹ ਸ਼ਹੀਦਾਂ ਤੋਂ ਪੇ੍ਰਰਨਾ ਲੈ ਕੇ ਲੋਕ ਸੇਵਾ ਪ੍ਰਤੀ ਸਮਰਪਿਤ ਰਹਿਣ | ਇਸ ਮੌਕੇ ਕਪਤਾਨ ਪੁਲਿਸ (ਪੀ.ਬੀ.ਆਈ.) ਜਸਪ੍ਰੀਤ ਸਿੰਘ ਵਲੋਂ 1 ਸਤੰਬਰ 2024 ਤੋਂ 31 ਅਗਸਤ 2025 ਤੱਕ ਦੇਸ਼ ਭਰ ਦੇ 191 ਸ਼ਹੀਦ ਜਵਾਨਾਂ ਦੇ ਨਾਮ ਪੜ੍ਹੇ ਗਏ, ਜਿਸ ਤੋਂ ਬਾਅਦ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ੋਕ ਸਲਾਮੀ ਦਿੱਤੀ ਗਈ | ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਵਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਸਮਾਰੋਹ ਵਿਚ ਸ਼ਹੀਦ ਪੁਲਿਸ ਕਰਮਚਾਰੀਆਂ, ਪੰਜਾਬ ਹੋਮ ਗਾਰਡਜ਼ ਤੇ ਐੱਸ.ਪੀ.ਓਜ਼ ਦੇ 34 ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਨਿਪਟਾਰੇ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿਚ ਪੁਲਿਸ, ਸਿਵਲ ਅਧਿਕਾਰੀ ਅਤੇ ਆਮ ਲੋਕਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ | ਇਸ ਸਮਾਗਮ ਵਿਚ ਸਿਵਲ ਜੱਜ ਅਨੰਨਿਆ ਰਿਸ਼ੀ, ਰਿਟਾਇਰਡ ਡੀ.ਐਸ.ਪੀ. ਸੋਹਨ ਲਾਲ ਸੰਧੂ, ਰਿਟਾਇਰਡ ਅਫ਼ਸਰ, ਗਜ਼ਟਿਡ ਪੁਲਿਸ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਪੁਲਿਸ ਜਵਾਨ ਹਾਜ਼ਰ ਸਨ |