ਸ੍ਰੀ ਚਮਕੌਰ ਸਾਹਿਬ, 21 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਇਤਿਹਾਸਕ ਨਗਰੀ ਸ੍ਰੀ ਚਮਕੌਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਏ ਗਏ | ਇਸ ਮੌਕੇ ਇੱਥੋਂ ਦੇ ਸਮੂਹ ਗੁਰੂ ਘਰਾਂ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਮੱਥਾ ਟੇਕਿਆ ਅਤੇ ਚੱਲ ਰਹੇ ਕੀਰਤਨ ਦਾ ਅਨੰਦ ਮਾਣਿਆ | ਇੱਥੋਂ ਦੇ ਬਜਾਰਾਂ ਵਿਚ ਚੰਗੀ ਰੌਣਕ ਵੇਖਣ ਨੂੰ ਮਿਲੀ ਤੇ ਸਮੁੱਚੇ ਬਜਾਰਾਂ ਵਿਚ ਪੁਲਿਸ ਦੀ ਗੈਰ ਹਾਜ਼ਰੀ ਕਾਰਨ ਕਾਫ਼ੀ ਕਾਫ਼ੀ ਸਮਾਂ ਜਾਮ ਵਾਲੀ ਸਥਿਤੀ ਬਣਦੀ ਰਹੀ ਤੇ ਕਈ ਹਾਦਸੇ ਵੀ ਵਾਪਰੇ,ਪੁਲਿਸ ਦਾ ਨਾਕਾ ਇੱਥੋਂ ਦੇ ਪੁਲ ਤੇ ਹੀ ਵੇਖਣ ਨੂੰ ਮਿਲਿਆ | ਖਾਣ ਪੀਣ ਦੀਆਂ ਗੈਰ ਮਿਆਰੀ ਵਸਤਾਂ ਦੀ ਵਿੱਕਰੀ ਸ਼ਰੇਆਮ ਹੋਈ ਤੇ ਗੈਰ ਮਿਆਰੀ ਵਸਤਾਂ ਦੀ ਵਿੱਕਰੀ ਤੇ ਸਬੰਧਿਤ ਵਿਭਾਗ ਵਲੋਂ ਕੀਤੇ ਚੈਕਿੰਗ ਦੇ ਦਾਅਵਿਆਂ ਦੀ ਚੰਗੀ ਤਰਾਂ ਖਿੱਲੀ ਉਡਾਈ ਗਈ | ਵਿਭਾਗ ਦਾ ਕੋਈ ਵੀ ਅਧਿਕਾਰੀ/ਕਰਮਚਾਰੀ ਇਨ੍ਹਾਂ ਤਿਉਹਾਰਾਂ ਦੇ ਦਿਨਾਂ ਵਿਚ ਇੱਥੇ ਵੇਖਣ ਨੂੰ ਮਿਲਿਆ | ਹਲਵਾਈਆਂ, ਇਲੈਕਟ੍ਰਾਨਿਕਸ/ਇਲੈਕਟ੍ਰੀਕਲ ਵਸਤਾਂ, ਸਾਈਕਲ, ਸੁੱਕੇ ਮੇਵਿਆਂ, ਜਿਊਲਰਾਂ ਅਤੇ ਤੋਹਫ਼ਿਆਂ ਦੀਆਂ ਦੁਕਾਨਾਂ ਦੀ ਵਿੱਕਰੀ ਕਾਫ਼ੀ ਵੇਖਣ ਨੂੰ ਮਿਲੀ |