ਚੰਡੀਗੜ੍ਹ, 9 ਦਸੰਬਰ (ਮਾਰਕੰਡਾ)-ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਨੇ ਇਕ ਹੋਰ ਮਹੱਤਵਪੂਰਨ ਉਪਲਬਧੀ ਹਾਸਿਲ ਕਰਦਿਆਂ ਰਾਸ਼ਟਰੀ 5 ਜੀ ਯੂਜ਼ ਕੇਸ ਲੈਬਜ਼ ਗ੍ਰੇਡੇਸ਼ਨ ਫਰੇਮਵਰਕ ਤਹਿਤ ਮੁਲਾਂਕਿਤ 100 ਸੰਸਥਾਵਾਂ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਇਹ ਐਵਾਰਡ ਜਯੋਤਿਰਾਦਿਤਿਆ ਐਮ. ਸਿੰਧਿਆ ਸੰਚਾਰ ਮੰਤਰੀ ਤੇ ਉੱਤਰੀ-ਪੂਰਬੀ ਖੇਤਰ ਦੇ ਵਿਕਾਸ ਮੰਤਰੀ ਅਤੇ ਡਾ. ਪੇਮਾਸਨੀ ਚੰਦਰ ਸ਼ੇਖਰ ਰਾਜ ਮੰਤਰੀ ਸੰਚਾਰ ਅਤੇ ਪੇਂਡੂ ਵਿਕਾਸ ਭਾਰਤ ਸਰਕਾਰ ਵਲੋਂ ਨਵੀਂ ਦਿੱਲੀ 'ਚ ਕਰਵਾਏ ਭਾਰਤ 6 ਜੀ ਮਿਸ਼ਨ ਸਮਾਗਮ ਦੌਰਾਨ ਦਿੱਤਾ ਗਿਆ | ਇਹ ਐਵਾਰਡ ਪ੍ਰੋ. ਅਰੁਣ ਕੁਮਾਰ ਸਿੰਘ ਕੋਆਰਡੀਨੇਟਰ 5ਜੀ ਯੂਜ਼ ਕੇਸ ਲੈਬ ਪੈੱਕ ਤੇ ਡਾ. ਸਿਮਰਨਜੀਤ ਸਿੰਘ ਕੋ-ਕੋਆਰਡੀਨੇਟਰ ਨੇ ਪ੍ਰਾਪਤ ਕੀਤਾ | ਪੈੱਕ ਨੂੰ ਇਹ ਮਾਣ 5ਜੀ ਤਕਨਾਲੋਜੀ ਦੇ ਰਾਸ਼ਟਰੀ ਵਿਕਾਸ ਵਿਚ ਉਸ ਦੇ ਸ਼ਾਨਦਾਰ ਯੋਗਦਾਨ, ਨਵਚੇਤਨਾ ਨੂੰ ਪ੍ਰੋਤਸਾਹਿਤ ਕਰਨ, ਨੌਜਵਾਨ ਪ੍ਰਤਿਭਾ ਨੂੰ ਨਿੱਖਾਰਨ ਅਤੇ ਭਵਿੱਖ-ਤਿਆਰ ਤਕਨੀਕੀ ਪਾਰਿਸਥਿਤਕੀ ਤੰਤਰ ਵਿਕਸਿਤ ਕਰਨ ਲਈ ਦਿੱਤਾ ਗਿਆ ਹੈ | ਇਸ ਮਹੱਤਵਪੂਰਨ ਕਾਮਯਾਬੀ 'ਤੇ ਪੈੱਕ ਦੇ ਡਾਇਰੈਕਟਰ ਪ੍ਰੋ. ਰਾਜੇਸ਼ ਕੁਮਾਰ ਭਾਟੀਆ ਨੇ ਟੀਮ ਨੂੰ ਵਧਾਈ ਦਿੱਤੀ |