ਡੇਰਾਬੱਸੀ, 4 ਦਸੰਬਰ (ਗੁਰਮੀਤ ਸਿੰਘ)-ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਪੇਪਰ ਦਾਖ਼ਲ ਕਰਨ ਦੇ ਆਖਰੀ ਦਿਨ 149 ਉਮੀਦਵਾਰਾਂ ਵਲੋਂ ਡੇਰਾਬੱਸੀ ਵਿਖੇ ਐੱਸ. ਡੀ. ਐੱਮ. ਕੋਲ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ ਗਏ | ਇਨ੍ਹਾਂ 'ਚ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਤੇ ਭਾਜਪਾ ਵਲੋਂ ਸਾਰੇ 22 ਜ਼ੋਨਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ, ਜਦਕਿ ਬਸਪਾ ਵਲੋਂ ਕੇਵਲ ਚਾਰ ਜ਼ੋਨਾਂ ਲਈ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ ਗਏ | ਜਾਣਕਾਰੀ ਮੁਤਾਬਿਕ ਸਾਰੀ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਆਪਣੇ ਆਗੂਆਂ ਦੀ ਅਗਵਾਈ ਹੇਠ ਵੱਡੇ ਕਾਫ਼ਲੇ ਦੇ ਰੂਪ 'ਚ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ ਗਏ | ਆਮ ਆਦਮੀ ਪਾਰਟੀ ਦੇ ਉਮੀਦਵਾਰ ਹਲਕਾ ਵਿਧਾਇਕ ਕੁਜਲੀਤ ਸਿੰਘ ਰੰਧਾਵਾ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ, ਕਾਂਗਰਸ ਦੇ ਉਮੀਦਵਾਰ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਤੇ ਭਾਜਪਾ ਦੇ ਉਮੀਦਵਾਰ ਵਲੋਂ ਸੰਜੀਵ ਖੰਨਾ ਤੇ ਗੁਰਦਰਸ਼ਨ ਸੈਣੀ ਦੀ ਅਗਵਾਈ ਹੇਠ ਨਾਮਜ਼ਦਗੀ ਪੇਪਰ ਦਾਖ਼ਲ ਕਰਨ ਲਈ ਐੱਸ. ਡੀ. ਐੱਮ. ਦਫ਼ਤਰ ਪੁੱਜੇ | ਇਸ ਦੌਰਾਨ ਸਾਰੇ ਆਗੂਆਂ ਨੇ ਆਪੋ ਆਪਣੀ ਜਿੱਤ ਦਾ ਦਾਅਵਾ ਕੀਤਾ | ਓਧਰ ਦੂਜੇ ਪਾਸੇ ਰਿਟਰਨਿੰਗ ਅਫ਼ਸਰ-ਕਮ ਐੱਸ. ਡੀ. ਐੱਮ. ਡੇਰਾਬੱਸੀ ਅਮਿਤ ਗੁਪਤਾ ਨੇ ਗੱਲਬਾਤ ਕਰਨ 'ਤੇ ਕਿਹਾ ਕਿ 5 ਦਸੰਬਰ ਨੂੰ ਕਾਗਜ਼ਾਂ ਦੀ ਜਾਂਚ ਕੀਤੀ ਜਾਵੇਗੀ, ਜਦ ਕਿ 6 ਦਸੰਬਰ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ |